ਹਰਿਆਵਲ ਮੁਹਿੰਮ ਤਹਿਤ ਵੱਧ ਤੋਂ ਵੱਧ ਪੌਦੇ ਲਗਾਏ ਜਾਣ: ਚੇਅਰਮੈਨ ਦਿਲਬਾਗ ਸਿੰਘ 

  • ਫਸਲ ਵਿੱਚ ਸਰਵਪੱਖੀ ਕੀਟ ਪ੍ਰਬੰਧ ਅਪਣਾਉਣ ਦੀ ਲੋੜ: ਡਾ ਭੁਪਿੰਦਰ ਸਿੰਘ ਏਓ 
  • ਸਮੈਮ ਸਕੀਮ ਤਹਿਤ ਮਸ਼ੀਨਰੀ ਲੈਣ ਲਈ ਕਿਸਾਨ 13 ਅਗਸਤ ਤੱਕ ਆਨਲਾਈਨ ਅਪਲਾਈ ਕਰਨ।

ਤਰਨਤਾਰਨ 01 ਅਗਸਤ 2024 : ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ ਹਰਪਾਲ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਖੇਤੀਬਾੜੀ ਅਫਸਰ, ਪੱਟੀ ਡਾ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਸਭਰਾਂ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ ਭੁਪਿੰਦਰ ਸਿੰਘ ਏਓ ਨੇ ਕਿਹਾ ਕਿ ਬਾਸਮਤੀ ,ਝੋਨੇ ਦੇ ਮੁਕਾਬਲੇ ਘੱਟ ਪਾਣੀ ਲੈਣ ਵਾਲੀ ਫਸਲ ਹੈ । ਇਹ ਆਪਣੇ ਖਾਸ ਸਵਾਦ ਅਤੇ ਖੁਸ਼ਬੂ ਕਰਕੇ ਦੇਸ਼ ਵਿਦੇਸ਼ ਵਿੱਚ ਪਸੰਦ ਕੀਤੀ ਜਾਂਦੀ ਹੈ। ਇਸ ਦੇ ਸਵਾਦ ਅਤੇ ਖੁਸ਼ਬੂ ਨੂੰ ਬਰਕਰਾਰ ਰੱਖਣ ਲਈ ਜਿੱਥੇ ਸਹੀ ਸਮੇਂ ਤੇ ਇਸ ਦੀ ਲਵਾਈ ਮਹੱਤਵਪੂਰਨ ਹੈ ਉੱਥੇ ਸਿਫਾਰਸ਼ ਖਾਦਾਂ ਅਤੇ ਸਰਵਪੱਖੀ ਕੀਟ ਪ੍ਰਬੰਧ ਅਪਨਾਉਣ ਦੀ ਜਰੂਰਤ ਰਹਿੰਦੀ ਹੈ।ਉਹਨਾਂ ਸੁਚੇਤ ਕੀਤਾ ਕਿ ਲੋੜ ਤੋਂ ਵੱਧ ਨਾਈਟ੍ਰੋਜਨ ਤੱਤ ਦੀ ਖਾਦ ਪਾਉਣ ਨਾਲ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਵੱਧ ਜਾਂਦਾ ਹੈ ਅਤੇ ਫਸਲ ਡਿੱਗ ਜਾਂਦੀ ਹੈ। ਜਾਣਕਾਰੀ ਦੌਰਾਨ ਉਹਨਾਂ ਕਿਹਾ ਕਿ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਖੇਤ ਵਿੱਚ ਮੌਜੂਦ ਮਿੱਤਰ ਕੀੜੇ ਜਿਵੇਂ ਡਰੈਗਨ ਫਲਾਈ, ਡੈਮਸਲ ਫਲਾਈ , ਮੱਕੜੀ ਆਦਿ ਦੀ ਮੌਜੂਦਗੀ ਨੂੰ ਧਿਆਨ ਵਿੱਚ ਰੱਖਣ ਨਾਲ ਖੇਤੀ ਖਰਚੇ  ਘੱਟ ਜਾਂਦੇ ਹਨ ਅਤੇ ਉਪਜ ਦੀ ਗੁਣਵੱਤਾ ਵੱਧ ਜਾਂਦੀ ਹੈ । ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਚੇਅਰਮੈਨ ਦਿਲਬਾਗ ਸਿੰਘ ਪੀਏ ਨੇ ਕਿਸਾਨਾਂ ਨੂੰ 500 ਪੌਦੇ ਵੰਡਦੇ ਹੋਏ ਅਪੀਲ ਕੀਤੀ ਕਿ ਵਧ ਰਹੀ ਤਪਸ਼ ਤੋਂ ਨਿਜਾਤ ਪਾਉਣ ਲਈ  ਹਰਿਆਵਲ ਮੁਹਿੰਮ ਤਹਿਤ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਇਸ ਮੌਕੇ ਉਨ੍ਹਾਂ ਮਾਹਿਰਾਂ ਦੁਆਰਾ ਦਿੱਤੀ ਤਕਨੀਕੀ ਜਾਣਕਾਰੀ ਨੂੰ ਅਪਣਾਉਣ ਲਈ ਕਿਹਾ।ਇਸ ਦੌਰਾਨ ਸਰਕਲ ਇੰਚਾਰਜ ਅਮਨਦੀਪ ਸਿੰਘ ਏਈਓ ਅਤੇ  ਗੁਰਪ੍ਰੀਤ ਸਿੰਘ ਬੀਟੀਐਮ ਨੇ ਇਕੱਤਰ ਕਿਸਾਨਾਂ ਨੂੰ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ, ਝੋਨੇ, ਬਾਸਮਤੀ ਦੀ ਸਿੱਧੀ ਬਿਜਾਈ, ਕਮਾਦ ਦੀ ਕਾਸ਼ਤ ਅਤੇ ਉਸ ਤੋਂ ਬਣਨ ਵਾਲੇ ਉਤਪਾਦਾਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ ‌। ਇਸ ਮੌਕੇ ਸਮੈਮ ਸਕੀਮ ਤਹਿਤ ਸਬਸਿਡੀ ਤੇ ਦਿੱਤੀ ਜਾ ਰਹੀ ਮਸ਼ੀਨਰੀ ਲਈ 13 ਅਗਸਤ ਤੱਕ ਅਪਲਾਈ ਕਰਨ ਲਈ ਕਿਹਾ ਗਿਆ।ਇਸ ਮੌਕੇ ਠੇਕੇਦਾਰ ਸਤਨਾਮ ਸਿੰਘ, ਅਵਤਾਰ ਸਿੰਘ ,ਜਰਨੈਲ ਸਿੰਘ, ਜਗੀਰ ਸਿੰਘ , ਕਿਸਾਨ ਜੱਥੇਬੰਦੀ ਆਗੂ ਕਰਨੈਲ ਸਿੰਘ ,ਕਰਮਜੀਤ ਸਿੰਘ, ਗੁਰਜੋਤ ਸਿੰਘ, ਸਤਨਾਮ ਸਿੰਘ,ਨੰਬਰਦਾਰ ਕੁਲਦੀਪ ਸਿੰਘ,ਖੇਤੀ ਸਹਾਇਕ ਪ੍ਰਬੰਧਕ ਗੁਰਦੇਵ ਸਿੰਘ ਮਾਨਕਪੁਰਾ ਅਤੇ ਇਲਾਕੇ ਦੇ ਕਿਸਾਨਾਂ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।