- ਲੋਕ ਨਿਰਮਾਣ ਮੰਤਰੀ ਵੱਲੋਂ ਤਖ਼ਤ ਸੱਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮੱਰਪਿਤ ਸਮਾਗਮਾਂ ਵਿੱਚ ਸ਼ਮੂਲੀਅਤ ਦੌਰਾਨ ਖੂਨਦਾਨ
ਅੰਮ੍ਰਿਤਸਰ, 27 ਦਸੰਬਰ : ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸੋਮਾਂ ਹੈ ਅਤੇ ਇਸ ਤੋਂ ਸੇਧ ਲੈ ਕੇ ਅਸੀਂ ਆਪਣੇ ਜੀਵਨ ਨੂੰ ਮਨੁੱਖਤਾ ਦੇ ਭਲੇ ਲਈ ਸਮੱਰਪਿਤ ਕਰ ਸਕਦੇ ਹਾਂ। ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਤਖ਼ਤ ਸੱਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ, ਨੰਦੇੜ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮੱਰਪਿਤ ਸਮਾਗਮਾਂ ਵਿੱਚ ਸ਼ਮੂਲੀਅਤ ਦੌਰਾਨ ਇਹ ਪ੍ਰਗਟਾਵਾ ਕੀਤਾ। ਉਹ ਗੁਰਦੁਆਰਾ ਸੱਚਖੰਡ ਬੋਰਡ, ਨੰਦੇੜ ਦੇ ਸੱਦੇ ‘ਤੇ ਆਪਣੇ ਪਰਿਵਾਰ ਸਮੇਤ ਜਥੇਦਾਰ ਤਖ਼ਤ ਸ੍ਰੀ ਹਜੂਰ ਸਾਹਿਬ ਜਥੇਦਾਰ ਕੁਲਵੰਤ ਸਿੰਘ ਅਤੇ ਪੰਜ ਪਿਆਰਿਆਂ ਦੀ ਸਰਪ੍ਰਸਤੀ ਹੇਠ 25 ਤੇ 26 ਦਸੰਬਰ ਨੂੰ ਕਰਵਾਏ ਗਏ ਇੰਨ੍ਹਾਂ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਨੰਦੇੜ ਪਹੁੰਚੇ ਸਨ। ਇਨ੍ਹਾਂ ਸਮਾਗਮਾਂ ਦੌਰਾਨ 26 ਦਸੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਵਿਖੇ ਲਗਾਏ ਗਏ ਮੁਫ਼ਤ ਸਿਹਤ ਜਾਂਚ ਅਤੇ ਖੂਨਦਾਨ ਕੈਂਪ ਵਿੱਚ ਹਿੱਸਾ ਲੈਂਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਖੂਨ ਦਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਰਬ ਧਰਮ ਸੰਮੇਲਨ ਅਤੇ ਕੀਰਤਨ ਦਰਬਾਰ ਵਿੱਚ ਹਾਜਰੀ ਭਰੀ ਅਤੇ ਗੁਰੂਦੁਆਰਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਵਿਖੇ ਨਤਮਸਤਕ ਵੀ ਹੋਏ।