ਵਿਧਾਇਕ ਲਾਲਪੁਰਾ ਦੇ ਰਿਸ਼ਤੇਦਾਰ ਨਾਲ ਕੀਤੀ ਕੁੱਟਮਾਰ ਦੇ ਮਾਮਲੇ ਵਿੱਚ ਵੱਡਾ ਐਕਸ਼ਨ, 5 ਪੁਲਿਸ ਮੁਲਾਜ਼ਮ ਮੁਅੱਤਲ 

ਖਡੂਰ ਸਾਹਿਬ, 28 ਸਤੰਬਰ : ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਰਿਸ਼ਤੇਦਾਰ ਨਿਸ਼ਾਨ ਸਿੰਘ ਦੇ ਨਾਲ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿੱਚ ਵੱਡਾ ਐਕਸ਼ਨ ਲਿਆ ਗਿਆ ਹੈ। ਦਰਅਸਲ ਪੁਲਿਸ ਵੱਲੋਂ ਨਿਸ਼ਾਨ ਸਿੰਘ ਦੇ ਕੱਪੜੇ ਉਤਰਵਾ ਕੇ ਉਨ੍ਹਾਂ ਦੀ ਵੀਡੀਓ ਬਣਾਈ ਗਈ ਸੀ। ਜਿਸ ਉਤੇ ਐਕਸ਼ਨ ਲੈਂਦਿਆਂ ਇਸ ਮਾਮਲੇ ਵਿੱਚ ਸ਼ਾਮਲ 5 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇੰਸਪੈਕਟਰ ਸੁਖਬੀਰ ਸਿੰਘ,ਐਸਆਈ ਪ੍ਰਭਜੀਤ ਸਿੰਘ, ਐਸਆਈ ਸੁਰਜੀਤ ਸਿੰਘ, ਏਐਸਆਈ ਪਰਮਦੀਪ ਸਿੰਘ, ਏਐਸਆਈ ਹਰਮੀਕ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਮਾਮਲਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਭੈਲ ਢਾਏ ਵਾਲਾ ਵਿਖੇ ਹੋ ਰਹੀ ਬਿਆਸ ਦਰਿਆ ਨਜ਼ਦੀਕ ਰੇਤਾ ਦੀ ਨਾਜਾਇਜ਼ ਮਾਇਨਿਗ ਨੂੰ ਲੈ ਕੇ ਵਿਗੜਿਆ ਹੈ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਵਿਖੇ ਪੁਲਿਸ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਜੀਜਾ ਨਿਸ਼ਾਨ ਸਿੰਘ ਸਮੇਤ 13 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ। ਜਿਸ ਸਬੰਧੀ ਪੁਲਿਸ ਨੇ 9 ਟਿੱਪਰ, ਇਕ ਇਨੋਵਾ ਗੱਡੀ, ਇਕ ਮੋਟਰਸਾਈਕਲ ਅਤੇ ਇਕ ਪੌਪ ਲਾਈਨ ਮਸ਼ੀਨ ਵੀ ਕਬਜ਼ੇ ਵਿਚ ਲਈ ਸੀ।