ਗੁਰਦਾਸਪੁਰ ਵਿਖੇ ਲਾਅਨ ਟੈਨਿਸ ਗਰਾਊਂਡ ਅਤੇ ਬਾਸਕਟਬਾਲ ਗਰਾਊਂਡ ਬਣ ਕੇ ਤਿਆਰ

  • ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਨੇ ਉਦਘਾਟਨ ਕਰਕੇ ਦੋਵੇਂ ਖੇਡ ਮੈਦਾਨ ਖਿਡਾਰੀਆਂ ਨੂੰ ਸਮਰਪਿਤ ਕੀਤੇ

ਗੁਰਦਾਸਪੁਰ, 15 ਮਾਰਚ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ  ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੇ ਵਿਸ਼ੇਸ਼ ਯਤਨਾਂ ਸਦਕਾ ਜਮਨੇਜ਼ੀਅਮ ਹਾਲ ਕੰਪਲੈਕਸ, ਜ਼ਿਲ੍ਹਾ ਖੇਡ ਦਫ਼ਤਰ, ਗੁਰਦਾਸਪੁਰ ਵਿਖੇ ਲਾਅਨ ਟੈਨਿਸ ਗਰਾਊਂਡ ਅਤੇ ਬਾਸਕਟਬਾਲ ਗਰਾਊਂਡ ਬਣ ਕੇ ਤਿਆਰ ਹੋ ਗਈਆਂ ਹਨ। ਇਨ੍ਹਾਂ ਖੇਡ ਮੈਦਾਨਾਂ ਦਾ ਉਦਘਾਟਨ ਅੱਜ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਸੁਭਾਸ਼ ਚੰਦਰ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਖੇਡ ਅਫ਼ਸਰ ਸ. ਸਿਮਰਨਜੀਤ ਸਿੰਘ  ਰੰਧਾਵਾ ਤੇ ਵੱਖ-ਵੱਖ ਖੇਡਾਂ ਦੇ ਕੋਚ ਸਾਹਿਬਾਨ ਤੇ ਖਿਡਾਰੀ ਵੀ ਹਾਜ਼ਰ ਸਨ।  ਇਸ ਮੌਕੇ ਖਿਡਾਰੀਆਂ ਨਾਲ ਗੱਲਬਾਤ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ  ਵੱਲੋਂ ਨਿੱਜੀ ਦਿਲਚਸਪੀ ਲੈ ਕੇ ਇਨ੍ਹਾਂ ਲਾਅਨ ਟੈਨਿਸ ਗਰਾਊਂਡ ਅਤੇ ਬਾਸਕਟਬਾਲ ਗਰਾਊਂਡ ਦੀ ਤਿਆਰੀ ਕਰਵਾਈ ਗਈ ਹੈ ਅਤੇ ਅੱਜ ਦਾ ਦਿਨ ਬੜਾ ਸੁਭਾਗਾ ਹੈ ਜੋ ਖਿਡਾਰੀਆਂ ਨੂੰ ਇਹ ਨਵੇਂ ਖੇਡ ਮੈਦਾਨ ਖੇਡਣ ਲਈ ਮਿਲੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਨੌਜਵਾਨਾਂ ਲਈ ਇਹ ਖੇਡ ਮੈਦਾਨ ਤਿਆਰ ਕਰ ਕੇ ਦੇ ਦਿੱਤੇ ਹਨ ਅਤੇ ਹੁਣ ਇਨ੍ਹਾਂ ਖੇਡ ਮੈਦਾਨਾਂ ਵਿੱਚ ਖੇਡਣਾ ਅਤੇ ਮਿਹਨਤ ਕਰਨੀ ਖਿਡਾਰੀਆਂ ਦਾ ਫਰਜ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਖਿਡਾਰੀ ਪੂਰੀ ਮਿਹਨਤ ਤੇ ਲਗਨ ਨਾਲ ਆਪਣੀ ਗੇਮ ਕਰਨ ਅਤੇ ਵੱਖ-ਵੱਖ ਮੰਚਾਂ ਉੱਪਰ ਆਪਣੇ ਜ਼ਿਲ੍ਹੇ, ਸੂਬੇ ਤੇ ਦੇਸ਼ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾਂ ਯਤਨਸ਼ੀਲ ਰਹੇਗਾ। ਇਸ ਮੌਕੇ ਗੁਰਦਾਸਪੁਰ ਸ਼ਹਿਰ ਦੇ ਖਿਡਾਰੀਆਂ ਅਤੇ ਨੌਜਵਾਨਾਂ ਨੇ ਇਨ੍ਹਾਂ ਖੇਡ ਮੈਦਾਨਾਂ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।