ਪੰਜਾਬ ‘ਚ ਜਾਅਲੀ ਅਸਲਾ ਲਾਇਸੈਂਸ ਬਣਾਉਣ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼

ਤਰਨਤਾਰਨ, 9 ਜੁਲਾਈ 2024 : ਤਰਨਤਾਰਨ ਦੇ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਸੂਰਜ ਭੰਡਾਰੀ ਨੇ ਡੀਸੀ ਦਫ਼ਤਰ ਦੇ ਕੁਝ ਅਧਿਕਾਰੀਆਂ ਨਾਲ ਮਿਲ ਕੇ ਜਾਅਲੀ ਅਸਲਾ ਲਾਇਸੈਂਸ ਬਣਾਉਣ ਦਾ ਵੱਡਾ ਨੈੱਟਵਰਕ ਚਲਾਇਆ ਹੋਇਆ ਸੀ। ਤਰਨਤਾਰਨ ਪੁਲਿਸ ਨੇ ਇਸ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਸੂਰਜ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਟਿਕਾਣੇ ਤੋਂ 24 ਜਾਅਲੀ ਅਸਲਾ ਲਾਇਸੰਸ, ਮੋਬਾਈਲ ਅਸਲਾ ਲਾਇਸੰਸ ਦੀਆਂ ਤਿੰਨ ਖਾਲੀ ਕਾਪੀਆਂ ਅਤੇ ਸਰਕਾਰੀ ਸਟਿੱਕਰ ਬਰਾਮਦ ਕੀਤੇ ਹਨ। ਇਸ ਨੈੱਟਵਰਕ ਦਾ ਮਾਸਟਰ ਮਾਈਂਡ ਸੂਰਜ ਭੰਡਾਰੀ ਆਪਣੇ ਸਾਥੀ ਰਾਘਵ ਨਾਲ ਫਰਾਰ ਦੱਸਿਆ ਜਾ ਰਿਹਾ ਹੈ। ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਡੀਸੀ ਦਫ਼ਤਰ ਵਿੱਚ ਹੜਕੰਪ ਮੱਚ ਹੋਇਆ ਹੈ ਅਤੇ ਕਈ ਮੁਲਾਜ਼ਮ ਛੁੱਟੀ ‘ਤੇ ਚਲੇ ਗਏ ਹਨ। ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਇਸ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿੱਚ 2 ਮਹੀਨੇ ਲੱਗੇ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪਵਨਦੀਪ ਸਿੰਘ ਉਰਫ਼ ਮੰਤਰੀ ਵਾਸੀ ਪਿੰਡ ਮੱਲੀਆਂ, ਸ਼ਮਸ਼ੇਰ ਸਿੰਘ ਵਾਸੀ ਝੰਡੇਰ ਅਤੇ ਗੁਰਮੀਤ ਸਿੰਘ ਵਾਸੀ ਫਲੋਕਾਂ ਵਜੋਂ ਹੋਈ ਹੈ, ਜਦੋਂ ਕਿ ਇਸ ਨੈੱਟਵਰਕ ਦਾ ਮਾਸਟਰ ਮਾਈਂਡ ਅਤੇ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਸੂਰਜ ਭੰਡਾਰੀ ਅਤੇ ਰਾਘਵ ਕਪੂਰ ਵਾਸੀ ਜਸਪਾਲ ਨਗਰ, ਅੰਮ੍ਰਿਤਸਰ ਫਰਾਰ ਹਨ। ਦੱਸ ਦਈਏ ਕਿ ਜਾਅਲੀ ਲਾਇਸੈਂਸ ‘ਤੇ ਕਿਸੇ ਨੂੰ ਸ਼ੱਕ ਨਹੀਂ ਹੋਇਆ। ਗੰਨ ਹਾਊਸ ਮਾਲਕ ਵੀ ਇਸ ਲਾਇਸੈਂਸ ਦੇ ਆਧਾਰ ‘ਤੇ ਲਾਇਸੈਂਸ ਧਾਰਕਾਂ ਨੂੰ ਹਥਿਆਰ ਵੇਚਦੇ ਸਨ। ਮੰਨਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਹੁਣ ਤੱਕ 500 ਦੇ ਕਰੀਬ ਜਾਅਲੀ ਲਾਇਸੈਂਸ ਬਣਾਏ ਹਨ। ਜਿਨ੍ਹਾਂ ‘ਤੇ ਲਾਇਸੈਂਸ ਧਾਰਕਾਂ ਨੇ ਗੰਨ ਹਾਊਸ ਤੋਂ ਹਥਿਆਰ ਵੀ ਖਰੀਦੇ ਹਨ। ਇਸ ਬਾਰੇ ਪਤਾ ਲੱਗਣ ‘ਤੇ ਐਸਪੀ ਅਸ਼ਵਨੀ ਕਪੂਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਲਾਇਸੈਂਸ ਪੁਲਿਸ ਨੂੰ ਸੌਂਪ ਦੇਣ ਅਤੇ ਆਪਣੇ ਹਥਿਆਰ ਵਾਪਸ ਕਰ ਦੇਣ ਨਹੀਂ ਤਾਂ ਉਨ੍ਹਾਂ ਨੂੰ ਸਜ਼ਾ ਵੀ ਹੋ ਸਕਦੀ ਹੈ। ਇਹ ਮੁਲਜ਼ਮ ਲਾਇਸੈਂਸ ਬਣਾਉਣ ਲਈ ਡੇਢ ਤੋਂ ਦੋ ਲੱਖ ਰੁਪਏ ਵਸੂਲਦੇ ਸਨ। ਜਿਸ ਵਿੱਚੋਂ ਸੂਰਜ ਭੰਡਾਰੀ ਇੱਕ ਲੱਖ ਰੁਪਏ ਲੈ ਲੈਂਦਾ ਸੀ ਅਤੇ ਬਾਕੀ ਆਪਸ ਵਿੱਚ ਵੰਡਦਾ ਸੀ। ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਜ਼ਿਲ੍ਹੇ ਵਿੱਚ ਡੀਸੀ ਦਫ਼ਤਰ ਨਾਲ ਸਬੰਧਤ ਕੁਝ ਵਿਅਕਤੀ ਜਾਅਲੀ ਲਾਇਸੈਂਸ ਬਣਾਉਣ ਦਾ ਧੰਦਾ ਕਰ ਰਹੇ ਹਨ ਅਤੇ ਉਸੇ ਦਿਨ ਤੋਂ ਉਨ੍ਹਾਂ ਨੇ ਇੱਕ ਟੀਮ ਬਣਾ ਕੇ ਨੈੱਟਵਰਕ ਨੂੰ ਤੋੜਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ ਅਤੇ ਜਿਵੇਂ-ਜਿਵੇਂ ਜਾਂਚ ਅੱਗੇ ਵਧੀ ਮੁਲਜ਼ਮਾਂ ਦੇ ਨਾਂ ਸਾਹਮਣੇ ਆਉਣ ਲੱਗੇ। ਇਸ ਦੌਰਾਨ ਪਵਨਦੀਪ ਸਿੰਘ ਉਰਫ਼ ਮੰਤਰੀ ਸ਼ਮਸ਼ੇਰ ਸਿੰਘ ਅਤੇ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਟਿਕਾਣਿਆਂ ਤੋਂ ਜਾਅਲੀ ਲਾਇਸੈਂਸ ਵੀ ਬਰਾਮਦ ਕੀਤੇ ਗਏ। ਜਿਸ ਕਾਰਨ ਪੁੱਛਗਿੱਛ ਤੋਂ ਬਾਅਦ ਕਈ ਹੋਰ ਨਾਮ ਵੀ ਸਾਹਮਣੇ ਆਏ ਹਨ। ਐੱਸਐੱਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਸੂਰਜ ਭੰਡਾਰੀ ਡੀਸੀ ਦਫ਼ਤਰ ਦੇ ਕੁਝ ਮੁਲਾਜ਼ਮਾਂ ਨਾਲ ਮਿਲ ਕੇ ਉਕਤ ਨੈੱਟਵਰਕ ਚਲਾ ਰਿਹਾ ਸੀ। ਫਿਲਹਾਲ ਸੂਰਜ ਭੰਡਾਰੀ ਫਰਾਰ ਹੈ। ਜਿਸ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਨੈੱਟਵਰਕ ਨਾਲ ਜੁੜੇ ਕਈ ਹੋਰ ਚਿਹਰਿਆਂ ਦੇ ਨਾਲ-ਨਾਲ ਕਈ ਹੋਰ ਰਾਜ਼ ਵੀ ਸਾਹਮਣੇ ਆਉਣਗੇ।