‘ਖੇਡਾਂ ਵਤਨ ਪੰਜਾਬ ਦੀਆਂ’ ਖੇਡ ਮੁਕਾਬਲੇ ਦੀ 29 ਅਗਸਤ ਨੂੰ ਹੋਵੇਗੀ ਸ਼ੁਰੂਆਤ-ਵਿਧਾਇਕ ਸ਼ੈਰੀ ਕਲਸੀ

  • ਜੇਤੂਆਂ ਨੂੰ 9 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ

ਬਟਾਲਾ, 27 ਅਗਸਤ 2024 : ਬਟਾਲਾ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ, ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਚ ਉਤਸ਼ਾਹਿਤ ਕਰਨ ਲਈ ਸਫਲ ਉਪਰਾਲੇ ਕੀਤੇ ਗਏ ਹਨ। ਜਿਸ ਦੇ ਚੱਲਦਿਆਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ’ਤੇ ਕੌਮੀ ਖੇਡ ਦਿਵਸ ਦੀ ਯਾਦ ਵਿੱਚ 29 ਅਗਸਤ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਖੇਡ ਮੁਕਾਬਲਾ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋ ਮਹੀਨੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਦਾ ਆਗਾਜ਼ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਤੋਂ ਹੋਵੇਗਾ। ਇਸ ਵਾਰ 37 ਖੇਡਾਂ ਦੇ ਨੌਂ ਉਮਰ ਵਰਗਾਂ ਵਿੱਚ ਪੰਜ ਲੱਖ ਦੇ ਕਰੀਬ ਖਿਡਾਰੀ ਤਗ਼ਮਿਆਂ ਲਈ ਭਿੜਨਗੇ। ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ  ਜੇਤੂਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੇ ਨਕਦ ਇਨਾਮ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਪੈਰਾ ਖੇਡਾਂ ਵਿੱਚ ਅਥਲੈਟਿਕਸ, ਬੈਡਮਿੰਟਨ ਅਤੇ ਪਾਵਰ ਲਿਫਟਿੰਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨਾਂ ਅੱਗੇ ਕਿਹਾ ਕਿ ਇਸ ਵੱਡੇ ਖੇਡ ਪ੍ਰਬੰਧ ਦਾ ਉਦੇਸ਼ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਬਲਾਕ ਪੱਧਰੀ ਮੁਕਾਬਲੇ 1 ਤੋਂ 10 ਸਤੰਬਰ ਤੱਕ, ਜ਼ਿਲ੍ਹਾ ਪੱਧਰੀ ਮੁਕਾਬਲੇ 15-22 ਸਤੰਬਰ ਤੱਕ ਅਤੇ ਰਾਜ ਪੱਧਰੀ ਮੁਕਾਬਲੇ 11 ਅਕਤੂਬਰ ਤੋਂ 9 ਨਵੰਬਰ ਤੱਕ ਕਰਵਾਏ ਜਾਣਗੇ। ਜ਼ਿਕਰਯੋਗ ਹੈ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਦੂਜਾ ਸੀਜ਼ਨ ਸਾਲ 2023 ਵਿੱਚ ਹੋਇਆ ਸੀ, ਜਿਸ ਵਿੱਚ 4.5 ਲੱਖ ਖਿਡਾਰੀਆਂ ਨੇ ਭਾਗ ਲਿਆ ਸੀ ਅਤੇ 12,500 ਜੇਤੂ ਖਿਡਾਰੀਆਂ ਨੂੰ 8.87 ਕਰੋੜ ਰੁਪਏ ਦੇ ਇਨਾਮ ਵੰਡੇ ਗਏ ਸਨ।