30 ਜੁਲਾਈ 2023 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਧਾਰਾ 144 ਲਗਾਈ

ਗੁਰਦਾਸਪੁਰ, 27 ਜੁਲਾਈ : 30 ਜੁਲਾਈ 2023 ਦਿਨ ਐਤਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਹੋ ਰਹੀ ਸਟੇਟ ਲੈਵਲ ਬੀਐੱਡ ਕਾਮਨ ਐਂਟਰਸ ਟੈਸਟ (ਸੀ.ਈ.ਟੀ.) ਦੀ ਪ੍ਰੀਖਿਆ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਵਿੱਚ ਲੋਕਾਂ ਦੇ ਇਕੱਠੇ ਹੋਣ `ਤੇ ਮਿਤੀ 30 ਜੁਲਾਈ 2023 ਨੂੰ ਪਾਬੰਦੀ ਲਗਾ ਦਿੱਤੀ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਹੁਕਮ ਉਹਨਾਂ ਵਿਅਕਤੀਆਂ `ਤੇ ਲਾਗੂ ਨਹੀਂ ਹੋਵੇਗਾ ਜੋ ਇਹਨਾਂ ਪ੍ਰੀਖਿਆਵਾਂ ਵਿਚ ਡਿਊਟੀ `ਤੇ ਹੋਣਗੇ। ਇਹ ਹੁਕਮ ਇਕਤਰਫਾ ਪਾਸ ਕਰਕੇ ਸਮੂਹ ਸਧਾਰਨ ਜਨਤਾ ਨੂੰ ਸੰਬੋਧਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਵੱਲੋਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੂੰ ਆਪਣੇ ਪੱਤਰ ਰਾਹੀਂ ਬੇਨਤੀ ਕੀਤੀ ਗਈ ਸੀ ਕਿ 30 ਜੁਲਾਈ 2023 ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਤੋਂ ਦੁਪਿਹਰ 12.30 ਵਜੇ ਤੱਕ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਸਟੇਟ ਲੈਵਲ ਬੀਐੱਡ ਕਾਮਨ ਐਂਟਰਸ ਟੈਸਟ (ਸੀ.ਈ.ਟੀ.) ਦੀ ਪ੍ਰੀਖਿਆ ਹੋ ਰਹੀ ਹੈ ਜਿਸ ਲਈ ਅਮਨ-ਕਾਨੂੰਨ ਦੀ ਸਥਿਤੀ ਨੂੰ ਮੱਦੇਨਜ਼ਰ ਜਰੂਰੀ ਕਦਮ ਚੁੱਕੇ ਜਾਣ। ਜਿਸ ਉੱਪਰ ਕਾਰਵਾਈ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਧਾਰਾ 144 ਦੇ ਇਹ ਮਨਾਹੀ ਦੇ ਹੁਕਮ ਪਾਸ ਕੀਤੇ ਗਏ ਹਨ।