ਮਨੁੱਖਤਾਵਾਦੀ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਨੇਕ ਕਾਰਜ ਕਰਨ ਸਦਕਾ ਜਸਬੀਰ ਸਿੰਘ ਸਮਾਜ ਲਈ ਪ੍ਰੇਰਨਾ ਸਰੋਤ ਬਣੇ

  • ਜਸਬੀਰ ਸਿੰਘ ਪੌਦਿਆਂ ਦੀ ਪਨੀਰੀ ਤਿਆਰ ਕਰਕੇ ਲੋਕਾਂ ਨੂੰ ਮੁਫ਼ਤ ਵੰਡਦੇ ਹਨ ਪੌਦੇ
  • ਜਸਬੀਰ ਸਿੰਘ ਨੇ ਲਗਾਤਾਰ 50 ਸਾਲ ਖੂਨ ਦਾਨ ਕਰਕੇ ਅਨੇਕਾਂ ਜ਼ਿੰਦਗੀਆਂ ਬਚਾਈਆਂ

ਗੁਰਦਾਸਪੁਰ, 8 ਜੂਨ : ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲਿਆਂ ਨੂੰ ਆਪਣਾ ਆਦਰਸ਼ ਮੰਨਣ ਵਾਲੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹਯਾਤ ਨਗਰ ਦੇ ਸਮਾਜ ਸੇਵੀ ਜਸਬੀਰ ਸਿੰਘ (73) ਪਿਛਲੇ 5 ਦਹਾਕਿਆਂ ਤੋਂ ਖੂਨ ਦਾਨ ਕਰਨ ਦੇ ਨਾਲ ਪੌਦੇ ਲਗਾਉਣ ਅਤੇ ਵੰਡਣ ਦੇ ਪਰਉਪਕਾਰੀ ਕਾਰਜ ਨੂੰ ਪੂਰੇ ਸਿਰੜ ਨਾਲ ਕਰ ਰਹੇ ਹਨ। ਮਨੁੱਖਤਾਵਾਦੀ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਕੀਤੇ ਜਾ ਰਹੇ ਨੇਕ ਕਾਰਜਾਂ ਲਈ ਜਸਬੀਰ ਸਿੰਘ ਸਮਾਜ ਲਈ ਪ੍ਰੇਰਨਾ ਸਰੋਤ ਹਨ। ਕਿਸਾਨੀ ਪਰਿਵਾਰ ਨਾਲ ਸਬੰਧਤ ਜਸਬੀਰ ਸਿੰਘ ਨੇ ਸੰਨ 1971 ਵਿੱਚ ਭਾਰਤ-ਪਾਕਿਸਤਾਨ ਦੀ ਜੰਗ ਦੌਰਾਨ ਪਹਿਲੀ ਵਾਰ ਅੰਮ੍ਰਿਤਸਰ ਵਿਖੇ ਖੂਨਦਾਨ ਕੀਤਾ ਸੀ। ਇਸਤੋਂ ਬਾਅਦ ਉਨ੍ਹਾਂ ਵਿੱਚ ਖੂਨਦਾਨ ਕਰਨ ਦਾ ਅਜਿਹਾ ਜਜਬਾ ਪੈਦਾ ਹੋਇਆ ਕਿ ਉਹ 2021 ਤੱਕ 71 ਸਾਲ ਦੀ ਉਮਰ ਤੱਕ ਲਗਾਤਾਰ ਖੂਨਦਾਨ ਕਰਕੇ ਕਈ ਕੀਮਤੀ ਜਾਨਾਂ ਬਚਾਉਣ ਦਾ ਜਰੀਆ ਬਣੇ। ਉਹ ਹਰ ਸਾਲ ਫ਼ਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ-ਮੇਲੇ ਮੌਕੇ ਖੂਨਦਾਨ ਕੈਂਪ ਵੀ ਲਗਾਉਂਦੇ ਹਨ। ਭਗਤ ਪੂਰਨ ਸਿੰਘ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਜਸਬੀਰ ਸਿੰਘ ਵਾਤਾਵਰਨ ਦੀ ਸੰਭਾਲ ਲਈ ਵੀ ਬਹੁਤ ਵਧੀਆ ਉਪਰਾਲੇ ਕਰ ਰਹੇ ਹਨ। ਉਹ ਹੁਣ ਤੱਕ ਬਹੁਤ ਸਾਰੇ ਗੁਰਦੁਆਰਿਆਂ ਅਤੇ ਸਾਂਝੀਆਂ ਥਾਵਾਂ ਉੱਪਰ ਪਾਰਕਾਂ ਦਾ ਨਿਰਮਾਣ ਕਰਕੇ ਪੌਦੇ ਲਗਾ ਚੁੱਕੇ ਹਨ। ਉਹ ਆਪਣੇ ਖੇਤਾਂ ਵਿੱਚ ਖੁਦ ਪੌਦਿਆਂ ਦੀ ਪਨੀਰੀ ਤਿਆਰ ਕਰਕੇ ਜਿਥੇ ਆਪ ਪੌਦੇ ਲਗਾਉਂਦੇ ਹਨ ਓਥੇ ਉਹ ਗੁਰਦੁਆਰਿਆਂ, ਸਰਕਾਰੀ ਦਫ਼ਤਰਾਂ, ਮੇਲਿਆਂ ਵਿੱਚ ਜਾ ਕੇ ਲੋਕਾਂ ਨੂੰ ਵੀ ਮੁਫ਼ਤ ਪੌਦੇ ਵੰਡਦੇ ਹਨ ਅਤੇ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਤ ਕਰਦੇ ਹਨ। ਜਸਬੀਰ ਸਿੰਘ ਦੱਸਦੇ ਹਨ ਕਿ ਉਹ ਜਿਆਦਾਤਰ ਮੈਡੀਸਨ ਪੌਦੇ ਤਿਆਰ ਕਰਕੇ ਵੰਡਦੇ ਹਨ ਜਿਨ੍ਹਾਂ ਵਿੱਚ ਕੜੀ ਪੱਤਾ, ਅਸ਼ਵਗੰਦਾ, ਨਿੰਮ, ਸਟੀਵੀਆ, ਪੱਥਰ ਚੱਟ, ਲੈਮਨ ਗਰਾਸ, ਰਤਨਜੋਤ ਆਦਿ ਪ੍ਰਮੁੱਖ ਹਨ। ਉਹ ਹਰ ਐਤਵਾਰ ਨੂੰ ਗਾਦੜੀਆਂ ਦੇ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਵਿਖੇ ਵੀ ਪੌਦੇ ਵੰਡਣ ਦਾ ਸਟਾਲ ਲਗਾਉਂਦੇ ਹਨ। ਇਸਤੋਂ ਇਲਾਵਾ ਉਹ ਪਿੰਗਲਵਾੜਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲਿਟਰੇਚਰ ਵੰਡਣ ਦੀ ਸੇਵਾ ਵੀ ਨਿਭਾਉਂਦੇ ਹਨ। ਜਸਬੀਰ ਸਿੰਘ ਦੀਆਂ ਇਨ੍ਹਾਂ ਸੇਵਾਵਾਂ ਬਦਲੇ ਉਨ੍ਹਾਂ ਨੂੰ 5 ਵਾਰ ਸਟੇਟ ਐਵਾਰਡ, 4 ਵਾਰ ਜ਼ਿਲ੍ਹਾ ਪੱਧਰ ’ਤੇ ਸਨਮਾਨ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਿੰਗਲਵਾੜਾ ਅੰਮ੍ਰਿਤਸਰ ਵੱਲੋਂ ਵੀ ਉਨ੍ਹਾਂ ਦੇ ਨੇਕ ਕਾਰਜਾਂ ਦੀ ਪ੍ਰਸੰਸਾ ਕੀਤੀ ਜਾ ਚੁੱਕੀ ਹੈ।