ਅਸਾਮ ਦਿਬਰੂਗੜ੍ਹ ਜੇਲ੍ਹ ਵਿਚ ਸਿੱਖਾਂ ਨੂੰ ਆਟੇ ਵਿਚ ਤੰਬਾਕੂ ਗੁੰਨ ਕੇ ਪ੍ਰਸ਼ਾਦਾ ਦੇਣਾ ਬਹੁਤ ਹੀ ਮੰਦਭਾਗਾ : ਗਿਆਨੀ ਰਘਬੀਰ ਸਿੰਘ

ਅੰਮ੍ਰਿਤਸਰ, 01 ਜੁਲਾਈ : ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਨੇ ਬੇਕਸੂਰ ਨੌਜਵਾਨਾਂ ਨੂੰ ਸੰਗੀਨ ਧਾਰਾਵਾਂ ਲਗਾ ਕੇ ਅਸਾਮ ਦੀ ਦਿਬਰੂਗੜ੍ਹ ਜੇਲ ਵਿਚ ਬੰਦ ਕੀਤਾ ਤੇ ਹੁਣ ਸੋਸ਼ਲ ਮੀਡੀਆ ਅਤੇ ਸਮਾਚਾਰ ਪੱਤਰਾਂ ਰਾਹੀਂ ਪਤਾ ਲਗਾ ਹੈ ਕਿ ਉਨ੍ਹਾਂ ਨੌਜਵਾਨਾਂ ਨੂੰ ਆਟੇ ਵਿਚ ਤੰਬਾਕੂ ਗੁੰਨ ਕੇ ਪ੍ਰਸ਼ਾਦਾ ਦਿੱਤਾ ਜਾ ਰਿਹਾ ਹੈ, ਜੋ ਕੇ ਕੋਈ ਵੀ ਅੰਮ੍ਰਿਤਧਾਰੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ।ਜਿਸ ਕਰਕੇ ਜੇਲ ਵਿਚ ਕੈਦ ਸਿੱਖਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ ਹੈ।ਸਿੰਘ ਸਾਹਿਬ ਜੀ ਨੇ ਕਿਹਾ ਕਿ ਜੇਲ ਵਿਚ ਸਿੱਖਾਂ ਨਾਲ ਅਜਿਹਾ ਵਰਤਾਰਾ ਕਰਨਾ ਬਹੁਤ ਹੀ ਮੰਦਭਾਗਾ ਹੈ। ਸਿੰਘ ਸਾਹਿਬ ਜੀ ਨੇ ਇਸ ਘਟਨਾ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਮੌਜੂਦਾ ਪੰਜਾਬ ਸਰਕਾਰ ਅਤੇ ਅਸਾਮ ਸਰਕਾਰ ਨੂੰ ਸਖਤ ਸ਼ਬਦਾਂ 'ਚ ਤਾੜਨਾ ਕਰਦਿਆਂ ਕਿਹਾ ਹੈ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਪੜਤਾਲ ਕੀਤੀ ਜਾਵੇ ਅਤੇ ਸਿੱਖ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਦੋਸ਼ੀਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਸਿੰਘ ਸਾਹਿਬ ਜੀ ਨੇ ਇਹ ਵੀ ਕਿਹਾ ਕਿ ਜੇਲ ਵਿਚ ਭੁੱਖ ਹੜਤਾਲ ਕਰਨ ਵਾਲੇ ਨੌੋਜਵਾਨਾਂ ਲਈ ਸਾਫ ਸੁਥਰਾ ਲੰਗਰ ਮੁਹੱਈਆ ਕਰਵਾਉਣ ਨੂੰ ਵੀ ਸਰਕਾਰ ਯਕੀਨੀ ਬਣਾਵੇ।