ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਾ ਮੇਰੀ ਖ਼ੁਸ਼ਕਿਸਮਤੀ ਹੈ, ਮੈਂ ਜੇਲ੍ਹ ਵਿਚ ਵੀ ਅਰਦਾਸ ਕਰਦਾ ਸੀ ਕਿ ਸੱਚ ਦੀ ਜਿੱਤ ਹੋਵੇ-ਮਨੀਸ਼ ਸਿਸੋਦੀਆ

  • ਮਨੀਸ਼ ਸਿਸੋਦੀਆ ਨੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਵਿਖੇ ਟੇਕਿਆ ਮੱਥਾ
  • ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟੇਕਿਆ ਮੱਥਾ, ਕਿਹਾ- ਸਾਨੂੰ ਤਾਂ ਸ਼ੁਰੂ ਤੋਂ ਹੀ ਪਤਾ ਸੀ ਕਿ ਮਨੀਸ਼ ਸਿਸੋਦੀਆ ਖ਼ਿਲਾਫ਼ ਦਰਜ ਕੀਤੇ ਗਏ ਝੂਠੇ ਕੇਸ ਅਦਾਲਤ ਵਿਚ ਜ਼ਿਆਦਾ ਦੇਰ ਨਹੀਂ ਟਿਕਣਗੇ, ਅਸੀਂ ਇਹੀ ਉਮੀਦ ਅਰਵਿੰਦ ਕੇਜਰੀਵਾਲ ਦੇ ਕੇਸ ਵਿਚ ਵੀ ਕਰ ਰਹੇ ਹਾਂ

ਅੰਮ੍ਰਿਤਸਰ, 25 ਅਗਸਤ 2024 : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਵਿੱਚ ਮੱਥਾ ਟੇਕਿਆ। ਦਿੱਲੀ ਐਕਸਾਈਜ਼ ਮਾਮਲੇ 'ਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਮਨੀਸ਼ ਸਿਸੋਦੀਆ ਪਹਿਲੀ ਵਾਰ ਪੰਜਾਬ ਆਏ ਸਨ। ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਉਨ੍ਹਾਂ ਨੇ ਵੀ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ੍ਰੀ ਦਰਬਾਰ ਸਾਹਿਬ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਮਨੀਸ਼ ਸਿਸੋਦੀਆ ਜੀ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਨ। ਸੱਚ ਦੀ ਜਿੱਤ ਹੋਈ ਹੈ।" ਮਾਨ ਨੇ ਕਿਹਾ ਕਿ ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂ ਹੈ। ਮਨੀਸ਼ ਸਿਸੋਦੀਆ ਦਰਸ਼ਨ ਲਈ ਹੀ ਆਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ‘ਆਪ’ ਆਗੂਆਂ ਵਿਰੁੱਧ ਝੂਠੇ ਕੇਸ ਦਰਜ ਕੀਤੇ ਗਏ ਸਨ ਜੋ ਅਦਾਲਤਾਂ ਵਿੱਚ ਜ਼ਿਆਦਾ ਦੇਰ ਨਹੀਂ ਟਿੱਕ ਸਕਦੇ ਸੀ। ਅਸੀਂ ਅਰਵਿੰਦ ਕੇਜਰੀਵਾਲ ਦੇ ਮਾਮਲੇ ਵਿੱਚ ਵੀ ਇਹੀ ਉਮੀਦ ਕਰ ਰਹੇ ਹਾਂ। ਉਨ੍ਹਾਂ ਕੋਲ ਸੰਜੇ ਸਿੰਘ ਖ਼ਿਲਾਫ਼ ਵੀ ਕੋਈ ਸਬੂਤ ਨਹੀਂ ਸੀ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਸਾਡੇ ਆਗੂਆਂ ਨੂੰ ਕੁਝ ਸਮੇਂ ਲਈ ਜੇਲ੍ਹ ਭੇਜ ਕੇ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਆਮ ਆਦਮੀ ਪਾਰਟੀ ਇੱਕ ਵੱਖਰੀ ਮਿੱਟੀ ਦੀ ਬਣੀ ਹੋਈ ਹੈ।  ਇਸ ਵਿੱਚ ਕੋਈ ਦਰਾਰ ਨਹੀਂ ਆ ਸਕਦੀ। ਮਨੀਸ਼ ਸਿਸੋਦੀਆ ਨੇ ਮੀਡੀਆ ਨੂੰ ਕਿਹਾ, "ਮੈਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਦਾ ਮੌਕਾ ਮਿਲਿਆ। ਮੈਂ ਆਪਣੇ ਪਰਿਵਾਰ ਨਾਲ ਇੱਥੇ ਪੂਰੀ ਸ਼ਰਧਾ ਨਾਲ ਆਇਆ ਹਾਂ। ਮੈਂ ਜੇਲ੍ਹ ਵਿੱਚ ਵੀ ਇਹੀ ਅਰਦਾਸ ਕਰਦਾ ਸੀ ਕਿ ਸਚਾਈ ਦੀ ਜਿੱਤ ਹੋਣੀ ਚਾਹੀਦੀ ਹੈ। ਸ੍ਰੀ ਦਰਬਾਰ ਸਾਹਿਬ ਦੇ ਆਸ਼ੀਰਵਾਦ ਅਤੇ ਦੇਸ਼ ਦੇ ਸੰਵਿਧਾਨ ਦੇ ਕਾਰਨ ਮੈਨੂੰ ਇਨਸਾਫ਼ ਮਿਲਿਆ ਹੈ। ਸਿਸੋਦੀਆ ਨੇ ਕਿਹਾ ਕਿ ਮੈਂ ਮਾਨ ਸਾਹਿਬ ਨਾਲ ਵੀ ਗੱਲ ਕੀਤੀ ਸੀ ਕਿ ਸਭ ਤੋਂ ਪਹਿਲਾਂ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਣਗੇ। ਮਾਨ ਸਾਹਿਬ ਮੇਰੇ ਭਰਾ ਹਨ। ਉਨ੍ਹਾਂ ਕਿਹਾ ਕਿ ਮੈਂ ਕੇਜਰੀਵਾਲ ਸਾਹਿਬ ਲਈ ਵੀ ਅਰਦਾਸ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਬਾਹਰ ਆਉਣ। ਮੈਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੇ ਮਾਮਲੇ ਵਿੱਚ ਵੀ ਸਚਾਈ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਸੰਕਟ ਦੀ ਘੜੀ ਵਿਚ ਸਾਨੂੰ ਹੌਸਲਾ ਦਿੱਤਾ ਅਤੇ ਸਾਡੀ ਟੀਮ ਇੱਕਜੁੱਟ ਰਹੀ।