ਇੰਟਰਨੈਸ਼ਨਲ ਡਰੱਗ ਰੈਕੇਟ ਦਾ ਪਰਦਾਫਾਸ਼, 3 ਕਿਲੋ ਹੈਰੋਇਨ, 50 ਹਜ਼ਾਰ ਦੀ ਡਰੱਗ ਮਨੀ, 1 ਪਿਸਤੌਲ, 3 ਕਾਰਤੂਸਾਂ ਸਮੇਤ 5 ਵਿਅਕਤੀਆਂ ਨੂੰ ਕੀਤਾ ਕਾਬੂ

ਅੰਮ੍ਰਿਤਸਰ, 30 ਮਾਰਚ : ਅੰਮ੍ਰਿਤਸਰ ਪੁਲਿਸ (ਸਿਟੀ) ਵੱਲੋਂ 3 ਕਿਲੋ ਹੈਰੋਇਨ, 50 ਹਜ਼ਾਰ ਦੀ ਡਰੱਗ ਮਨੀ, 0.32 ਬੋਰ ਦਾ ਪਿਸਤੌਲ, 3 ਕਾਰਤੂਸਾਂ ਸਮੇਤ 5 ਵਿਅਕਤੀਆਂ ਨੂੰ ਕਾਬੂ ਕਰਕੇ ਇੰਟਰਨੈਸ਼ਨਲ ਡਰੱਗ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਅੰਮ੍ਰਿਤਸਰ ਦੇ ਕਮਿਸ਼ਨਰੇਟ (ਪੁਲਿਸ) ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਸੀ.ਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਪੀ.ਪੀ.ਐਸ., ਏ.ਡੀ.ਸੀ.ਪੀ. ਨਵਜੋਤ ਸਿੰਘ ਸੰਧੂ,ਏਸੀਪੀ ਕੁਲਦੀਪ ਸਿੰਘ ਦੀ ਦੇਖ-ਰੇਖ ਹੇਠ ਇੱਕ ਅੰਤਰਰਾਸ਼ਟਰੀ ਡਰੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਿਸ ਦੌਰਾਨ ਪੁਲਿਸ ਵੱਲੋਂ  ਗਗਨਦੀਪ ਸਿੰਘ ਉਰਫ ਗੋਰਾ, ਹਰਮਨਦੀਪ ਸਿੰਘ ਹਰਮਨ ਉਰਫ਼ ਹੈਪੀ, ਚਰਨਜੀਤ ਸਿੰਘ ਉਰਫ਼ ਚਰਨ, ਜਰਮਨਪ੍ਰੀਤ ਸਿੰਘ ਉਰਫ਼ ਜਰਮਨ, ਲਵਨੀਤ ਸਿੰਘ ਉਰਫ਼ ਰਾਹੁਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨ੍ਹਾਂ ਕੋਲੋਂ 03 ਕਿਲੋ ਹੈਰੋਇਨ, 0.32 ਬੋਰ ਦਾ ਪਿਸਤੌਲ 3 ਜਿੰਦਾ ਕਾਰਤੂਸ ਨਾਲ; 50,000 ਰੁਪਏ ਡਰੱਗ ਮਨੀ, ਬਲੈਰੋ ਗੱਡੀ (PB 02 ED 7097) ਸੀ.ਆਈ.ਏ. ਸਟਾਫ-2 ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮ ਗਗਨਦੀਪ ਉਰਫ਼ ਗਗਨ, ਹਰਮਨਦੀਪ ਸਿੰਘ ਉਰਫ਼ ਹਰਮਨ ਉਰਫ਼ ਹੈਪੀ ਅਤੇ ਚਰਨਜੀਤ ਸਿੰਘ ਉਰਫ਼ ਚਰਨ ਨੇੜੇ ਮੀਰੀ ਪੀਰੀ ਅਕੈਡਮੀ, ਬਾਸਰਕੇ ਭੈਣੀ ਰੋਡ, ਅੰਮ੍ਰਿਤਸਰ ਨੂੰ ਕਾਬੂ ਕੀਤਾ। ਬੋਲੈਰੋ ਗੱਡੀ ਵਿਚ ਪਿਸਤੌਲ ਅਤੇ 3 ਜਿੰਦਾ ਕਾਰਤੂਸ ਵੀ ਸਨ। ਜਿਸ 'ਤੇ ਮੁਕੱਦਮਾ ਨੰਬਰ 51 ਜੁਰਮ NDPS ਐਕਟ ਅਤੇ ਆਰਮਜ਼ ਐਕਟ, ਥਾਣਾ ਛੇਹਰਟਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਮੁਕਦਮਾ ਦੀ ਜਾਂਚ ਦੌਰਾਨ ਜਰਮਨਪ੍ਰੀਤ ਸਿੰਘ ਉਰਫ਼ ਜਰਮਨ ਅਤੇ ਲਵਜੀਤ ਸਿੰਘ ਉਰਫ ਰਾਹੁਲ ਨੂੰ ਨਾਮਜ਼ਦ ਕਰਕੇ 1.5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਿਰੋਹ ਗੋਇੰਦਵਾਲ ਸਾਹਿਬ ਜੇਲ੍ਹ ਦੇ ਕੈਦੀ ਤੋਂ ਚਲਾਇਆ ਜਾ ਰਿਹਾ ਸੀ, ਜੋ ਕਿ ਅੱਗੇ ਪਾਕਿਸਤਾਨ ਸਥਿਤ ਨਾਰਕੋ ਸਪਲਾਇਰਾਂ ਕਾਲਾ ਅਤੇ ਰਾਣਾ ਦੇ ਸੰਪਰਕ ਵਿੱਚ ਸੀ। ਦੋਸ਼ੀ ਗਗਨਦੀਪ ਸਿੰਘ ਉਰਫ ਗਗਨ ਉਸ ਕੈਦੀ ਦੇ ਸੰਪਰਕ ਵਿਚ ਸੀ, ਜਿਸ ਰਾਹੀਂ ਪਾਕਿਸਤਾਨ ਤੋਂ ਆਈ.ਬੀ ਵਿਚ ਡਰੋਨ ਸੁੱਟੇ ਜਾਂਦੇ ਸਨ। ਸਾਰੇ ਪਿਛੜੇ ਅਤੇ ਅਗਾਂਹਵਧੂ ਸਬੰਧਾਂ ਨੂੰ ਸਥਾਪਿਤ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ। ਇਸ ਕਾਰਟੇਲ ਵਿੱਚ ਸ਼ਾਮਲ ਸਾਰੇ ਸਰਹੱਦ ਪਾਰ ਅਤੇ ਭਾਰਤੀ ਸਹਿਯੋਗੀਆਂ ਦੀ ਜਾਂਚ ਕੀਤੀ ਜਾਵੇਗੀ।