ਅੰਮ੍ਰਿਤਸਰ, 24 ਅਪ੍ਰੈਲ : ਬੁੱਢਾ ਦਲ ਦੀ ਛਾਉਣੀ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਕੀਤੇ ਇਕ ਲਿਖਤੀ ਬਿਆਨ ਵਿੱਚ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮੁਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਵਾਪਰੀ ਦੁਖਦਾਈ, ਅਫਸੋਸਸ ਜਨਕ ਅਤੇ ਨਾ ਸਹਿਣਯੋਗ ਘਟਨਾ ਤੇ ਚਿੰਤਾ ਤੇ ਅਫਸੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਛੋਟੇ ਸਾਬਿਜ਼ਾਦਿਆਂ ਦੀ ਚਰਨ ਛੋਹ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡਾ ਵਿਖੇ ਇਕ ਵਿਅਕਤੀ ਵੱਲੋਂ ਜਬਰੀ ਜੰਗਲਾ ਟੱਪ ਕੇ ਅੰਦਰ ਦਾਖਲ ਹੋ ਕੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦਾ ਖੰਡਨ ਹੀ ਨਹੀਂ ਕੀਤਾ ਸਗੋਂ ਪਾਠ ਕਰ ਰਹੇ ਪਾਠੀਆਂ ਦੀਆਂ ਦਸਤਾਰਾਂ ਵੀ ਲਾਹ ਦਿੱਤੀਆਂ ਹਨ। ਉਨ੍ਹਾਂ ਕਿਹਾ ਇਸ ਦੁਖਦਾਈ ਘਟਨਾ ਨਾਲ ਸਮੁੱਚੇ ਸਿੱਖ ਜਗਤ ਦੇ ਹਿਰਦੇ ਵੰਲੂਧਰੇ ਗਏ ਹਨ, ਇਹ ਹਿਰਦੇਵੇਦਕ, ਦੁਖਦਾਈ, ਅਫਸੋਸਜਨਕ, ਮੰਦਭਾਗੀ ਘਟਨਾ ਨਾਲ ਸਮੁੱਚੇ ਸਿੱਖਾਂ ਦੇ ਮਨਾਂ ਨੂੰ ਭਾਰੀ ਨਾ ਸਹਿਣਯੋਗ ਠੇਸ ਵੱਜੀ ਹੈ। ਸਾਰਾ ਸਿਖ ਜਗਤ ਸਦਮੇ ਵਿਚ ਹੈ। ਇਹ ਇਕ ਸੋਚੀ ਸਮਝੀ ਘਟਨਾ ਹੈ। ਗੁਰੂ ਘਰ ਦੇ ਦੋਸ਼ੀ, ਪਾਪੀ ਵਿਅਕਤੀ ਵੱਲੋਂ ਗੁਰੂ ਸਾਹਿਬ ਦੇ ਸਰੂਪਾਂ ਨਾਲ ਅਪਰਾਧਿਕ ਛੇੜਛਾੜ, ਪਾਠੀਆਂ ਦੀ ਕੁੱਟਮਾਰ ਤੇ ਦਸਤਾਰਾਂ ਲਾ ਦੇਣੀਆਂ ਨਾ ਮਾਫੀ ਯੋਗ ਹੈ। ਉਨ੍ਹਾਂ ਕਿਹਾ ਇਹ ਪਾਪੀ ਦਾ ਕਾਰਾ ਸਹਿਣਯੋਗ ਨਹੀਂ ਹੈ। ਇਸ ਵਿਅਕਤੀ ਦੀ ਸਮੁੱਚੀ ਤੇ ਡੂੰਘਾਈ ਪੱਧਰ ਤੇ ਜਾਂਚ ਤੇ ਛਾਣ ਬੀਨ ਹੋਣੀ ਲਾਜਮੀ ਹੈ। ਇਸ ਨੂੰ ਸਜ਼ਾ ਮਿਲਣੀ ਜ਼ਰੂਰੀ ਹੈ। ਇਹ ਇੱਕਲਾਕਾਰਾ ਨਹੀਂ ਇਸ ਦੇ ਪਿੱਛੇ ਕੌਣ ਨੇ ਸਭ ਨੰਗੇ ਹੋਣੇ ਚਾਹੀਦੇ ਹਨ।