"ਮੈਨੂੰ ਗੰਭੀਰ ਸ਼ੱਕ ਹੈ ਕਿ ਦਿੱਲੀ ਵਿੱਚ ਬੈਠੀ 'ਆਪ' ਦੀ ਸੀਨੀਅਰ ਲੀਡਰਸ਼ਿਪ ਦੀ ਪੰਜਾਬ ਦੇ ਮੁਨਾਫ਼ੇ ਵਾਲੇ ਕਾਰੋਬਾਰਾਂ 'ਤੇ ਨਜ਼ਰ ਹੈ : ਬਾਜਵਾ

ਗੁਰਦਾਸਪੁਰ, 25 ਦਸੰਬਰ : ਦਿੱਲੀ ਦੇ ਸੇਵਾਮੁਕਤ ਨੌਕਰਸ਼ਾਹਾਂ ਦੀ ਪੰਜਾਬ ਦੇ ਰੀਅਲ ਅਸਟੇਟ ਰੈਗੂਲੇਟਰੀ ਅਥਾਰਿਟੀ (ਰੇਰਾ) ਦੇ ਚੇਅਰਮੈਨ ਅਤੇ ਮੈਂਬਰ ਵਜੋਂ ਨਿਯੁਕਤੀ ਦੀ ਸਖ਼ਤ ਨਿਖੇਧੀ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ  ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਨਿਯੁਕਤੀਆਂ ਪਿੱਛੇ ਆਮ ਆਦਮੀ ਪਾਰਟੀ ਦੀ ਨੀਅਤ 'ਤੇ ਸ਼ੱਕ ਹੈ। ਬਾਜਵਾ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਵਧੀਕ ਮੁੱਖ ਸਕੱਤਰ ਸਤਿਆ ਗੋਪਾਲ, ਜਿਨ੍ਹਾਂ ਨੂੰ ਪੰਜਾਬ ਰੇਰਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਅਤੇ ਸੇਵਾਮੁਕਤ ਆਈਆਰਐਸ ਅਧਿਕਾਰੀ ਰਾਕੇਸ਼ ਗੋਇਲ, ਜਿਨ੍ਹਾਂ ਨੂੰ ਪੰਜਾਬ ਰੇਰਾ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ, ਦੋਵੇਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਜ਼ਦੀਕੀ ਵਿਸ਼ਵਾਸਪਾਤਰ ਹਨ। ਵਿਰੋਧੀ ਧਿਰ ਦੇ ਆਗੂ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੀਅਲ ਅਸਟੇਟ ਨੂੰ ਸੂਬੇ ਵਿੱਚ ਸਭ ਤੋਂ ਵੱਧ ਮੁਨਾਫ਼ੇ ਵਾਲੇ ਕਾਰੋਬਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਬਾਜਵਾ ਨੇ ਕਿਹਾ "ਮੈਨੂੰ ਗੰਭੀਰ ਸ਼ੱਕ ਹੈ ਕਿ ਦਿੱਲੀ ਵਿੱਚ ਬੈਠੀ 'ਆਪ' ਦੀ ਸੀਨੀਅਰ ਲੀਡਰਸ਼ਿਪ ਦੀ ਪੰਜਾਬ ਦੇ ਮੁਨਾਫ਼ੇ ਵਾਲੇ ਕਾਰੋਬਾਰਾਂ 'ਤੇ ਨਜ਼ਰ ਹੈ ਤਾਂ ਜੋ ਉਹ ਪਾਰਟੀ ਫ਼ੰਡ ਇਕੱਠਾ ਕਰ ਸਕਣ, ਜੋ ਸ਼ਾਇਦ ਦੂਜੇ ਰਾਜਾਂ ਵਿੱਚ ਪਾਰਟੀ ਦੇ ਵਿਸਥਾਰ ਲਈ ਲੋੜੀਂਦਾ ਹੈ। ਪਹਿਲਾਂ ਵੀ ਆਪ ਨੇ ਰਾਜ ਸਭਾ ਲਈ ਪੰਜਾਬ ਦੇ ਦੋ ਵੱਡੇ ਕਾਰੋਬਾਰੀਆਂ ਨੂੰ ਚੁਣਿਆ ਸੀ। । ਉਨ੍ਹਾਂ ਦੀ ਰਾਜ ਸਭਾ ਲਈ ਨਾਮਜ਼ਦਗੀ ਦੇ ਕਾਰਨ ਪੰਜਾਬੀਆਂ ਨੂੰ ਭਲੀ ਭਾਂਤ ਪਤਾ ਹੈ ।" ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਇਹ ਉਦਾਹਰਨ ਦਰਸਾਉਂਦੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇੱਕ ਕਠਪੁਤਲੀ ਤੋਂ ਵੱਧ ਕੁੱਝ ਨਹੀਂ ਹੈ, ਜੋ ਦਿੱਲੀ ਵਿੱਚ ਬੈਠੇ ਆਪਣੇ ਆਕਾਵਾਂ ਦੇ ਇਸ਼ਾਰਿਆਂ ’ਤੇ ਨੱਚਦੇ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਦਖ਼ਲ ਕਿਉਂ ਨਹੀਂ ਦਿੱਤਾ ਅਤੇ ਇਨ੍ਹਾਂ ਅਹੁਦਿਆਂ ਲਈ ਪੰਜਾਬ ਦੇ ਨੌਕਰਸ਼ਾਹਾਂ ਦੀ ਨਿਯੁਕਤੀ ਕਿਉਂ ਨਹੀਂ ਕੀਤੀ? 75 ਦੇ ਕਰੀਬ ਸੀਨੀਅਰ ਆਈਏਐੱਸ ਅਤੇ ਆਈਪੀਐੱਸ ਅਧਿਕਾਰੀਆਂ ਨੇ ਇਸ ਲਈ ਅਰਜ਼ੀ ਦਿੱਤੀ ਸੀ ਅਤੇ ਇੰਟਰਵਿਊ ਤਿੰਨ ਦਿਨ ਚੱਲੀ, ਜੋ ਸਿਰਫ਼ ਧੋਖਾਂ ਹੀ ਸੀ। ਬਾਜਵਾ  ਨੇ ਕਿਹਾ ਕਿ ਰਾਘਵ ਚੱਢਾ ਅਤੇ ਸੰਦੀਪ ਪਾਠਕ, ਜਿਨ੍ਹਾਂ ਦਾ ਪੰਜਾਬ ਲਈ ਜ਼ੀਰੋ ਯੋਗਦਾਨ ਸੀ, ਪੰਜਾਬ ਤੋਂ 'ਆਪ' ਦੇ ਰਾਜ ਸਭਾ ਮੈਂਬਰ ਹਨ। ਬਾਜਵਾ ਨੇ ਕਿਹਾ, "ਪੰਜਾਬ ਦੇ ਲੋਕ ਇਹ ਵੀ ਯਾਦ ਰੱਖਦੇ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਲਈ ਭਗਵੰਤ ਮਾਨ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਹਿਲੀ ਪਸੰਦ ਨਹੀਂ ਸਨ। ਉਨ੍ਹਾਂ ਨੇ ਆਖ਼ਰੀ ਸਮੇਂ 'ਤੇ ਮਾਨ ਨੂੰ ਚੁਣਿਆ ਜਦੋਂ ਕੋਈ ਹੋਰ ਬਦਲ ਨਹੀਂ ਬਚਿਆ ਸੀ।"