ਟੀ.ਬੀ, ਐੱਚ.ਆਈ.ਵੀ, ਹੈਪੀਟਾਈਟਸ ਅਤੇ ਟਰਾਂਸਮੀਟਿਡ ਇਨਫੈਕਸ਼ਨ ਦੀ ਜਾਂਚ ਲਈ ਸਿਹਤ ਵਿਭਾਗ ਚਲਾਏਗਾ ਵਿਸ਼ੇਸ਼ ਸਕਰੀਨਿੰਗ ਮੁਹਿੰਮ

  • ਸਕਰੀਨਿੰਗ ਮੁਹਿੰਮ ਤਹਿਤ ਕੇਂਦਰੀ ਜੇਲ੍ਹ ਗੁਰਦਾਸਪੁਰ, ਚਿਲਡਰਨ ਹੋਮ, ਨਸ਼ਾ ਛੁਡਾਊ ਕੇਂਦਰਾਂ ਅਤੇ ਬਿਰਦ ਆਸ਼ਰਮਾਂ ਵਿੱਚੋਂ ਲਏ ਜਾਣਗੇ ਸੈਂਪਲ

ਗੁਰਦਾਸਪੁਰ, 31 ਮਈ : ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 15 ਜੂਨ ਤੋਂ 2 ਜੁਲਾਈ 2023 ਤੱਕ ਕੇਂਦਰੀ ਜੇਲ੍ਹ ਗੁਰਦਾਸਪੁਰ, ਚਿਲਡਰਨ ਹੋਮ, ਨਸ਼ਾ ਛੁਡਾਊ ਕੇਂਦਰਾਂ ਅਤੇ ਬਿਰਦ ਆਸ਼ਰਮਾਂ ਵਿੱਚ ਟੀ.ਬੀ, ਐੱਚ.ਆਈ.ਵੀ, ਹੈਪੀਟਾਈਟਸ ਅਤੇ ਟਰਾਂਸਮੀਟਿਡ ਇਨਫੈਕਸ਼ਨ ਦੀਆਂ ਬਿਮਾਰੀਆਂ ਦੀ ਜਾਂਚ ਲਈ ਵਿਸ਼ੇਸ਼ ਸਕਰੀਨਿੰਗ ਮੁਹਿੰਮ ਚਲਾਈ ਜਾਵੇਗੀ। ਇਸ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ 15 ਜੂਨ ਨੂੰ ਕੇਂਦਰੀ ਜੇਲ੍ਹ ਗੁਰਦਾਸਪੁਰ ਤੋਂ ਕਰਨਗੇ। ਸਕਰੀਨਿੰਗ ਮੁਹਿੰਮ ਸਬੰਧੀ ਸਿਹਤ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਕਰੀਨਿੰਗ ਮੁਹਿੰਮ ਤਹਿਤ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਬੰਦ ਕੈਦੀਆਂ ਤੇ ਹਵਾਲਾਤੀਆਂ, ਚਿਲਡਰਨ ਹੋਮ ਦੇ ਸਹਿਵਾਸੀ ਬੱਚਿਆਂ, ਜ਼ਿਲ੍ਹੇ ਦੇ ਬਿਰਦ ਆਸ਼ਰਮਾਂ ਵਿੱਚ ਰਹਿ ਰਹੇ ਬਜ਼ੁਰਗਾਂ ਤੇ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ਦੇ ਟੀ.ਬੀ, ਐੱਚ.ਆਈ.ਵੀ, ਹੈਪੀਟਾਈਟਸ ਅਤੇ ਟਰਾਂਸਮੀਟਿਡ ਇਨਫੈਕਸ਼ਨ ਦੇ ਟੈਸਟ ਕੀਤੇ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕਰੀਨਿੰਗ ਮੁਹਿੰਮ ਨੂੰ 100 ਫੀਸਦੀ ਯਕੀਨੀ ਬਣਾਇਆ ਜਾਵੇ ਤਾਂ ਜੋ ਪਾਜ਼ਟਿਵ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਿਹਤ ਵਿਭਾਗ ਦੀ ਇਹ ਮੁਹਿੰਮ ਬਹੁਤ ਵਧੀਆ ਹੈ ਜਿਸ ਨਾਲ ਜਿਥੇ ਉਪਰੋਕਤ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਦਾ ਪਤਾ ਲੱਗ ਸਕੇਗਾ ਓਥੇ ਓਨਾਂ ਮਰੀਜ਼ਾਂ ਦਾ ਇਲਾਜ ਸ਼ੁਰੂ ਹੋਣ ਨਾਲ ਇਹ ਬਿਮਾਰੀ ਓਨ੍ਹਾਂ ਤੋਂ ਅੱਗੇ ਨਹੀਂ ਫੈਲ ਸਕੇਗੀ। ਉਨ੍ਹਾਂ ਇਸ ਮੁਹਿੰਮ ਵਿੱਚ ਸ਼ਾਮਲ ਸਾਰੇ ਵਿਭਾਗਾਂ ਨੂੰ ਆਪਸ ਵਿੱਚ ਤਾਲਮੇਲ ਨਾਲ ਕੰਮ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।  ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਹਰਭਜਨ ਰਾਮ, ਜੇਲ ਸੁਪਰਡੈਂਟ ਸ. ਨਵਇੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗਡਵਾਲ, ਡਾ. ਰੋਮੀ ਰਾਜਾ, ਡਾ. ਚੇਤਨਾ, ਚਿਲਡਰਨ ਹੋਮ ਦੀ ਸੁਪਰਡੈਂਟ ਸੰਦੀਪ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।