ਝੋਨੇ ਦੀ ਕਟਾਈ ਸੁਪਰ ਐੱਸ.ਐੱਮ.ਐੱਸ.ਯੁਕਤ ਕੰਬਾਇਨ ਹਾਰਵੈਸਟਰ ਨਾਲ ਕਰਵਾਉਂਣ ਕਿਸਾਨ : ਡਾ.ਰਾਜਿੰਦਰ ਕੁਮਾਰ

ਪਠਾਨਕੋਟ, 18 ਅਕਤੂਬਰ : ਭਗਵੰਤ ਸਿੰਘ ਮਾਨ, ਮਾਨਯੋਗ ਮੁੱਖ ਮੰਤਰੀ ਪੰਜਾਬ, ਸ.ਗੁਰਮੀਤ ਸਿੰਘ ਖੁੱਡੀਆਂ, ਮਾਨਯੋਗ ਕੈਬਨਿਟ ਮੰਤਰੀ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਜੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਤੇ ਸ੍ਰੀ  ਕੇ.ਏ.ਪੀ. ਸਿਨਹਾ ਆਈ.ਏ.ਐੱਸ, ਮਾਨਯੋਗ ਵਧੀਕ ਮੁੱਖ ਸਕੱਤਰ ਕਮ ਵਿੱਤੀ ਕਮਿਸ਼ਨਰ ਜੀ ਦੇ ਦਿਸ਼ਾ ਨਿਰਦੇਸ਼ਾਂ, ਸ.ਹਰਬੀਰ ਸਿੰਘ, ਆਈ.ਏ.ਐੱਸ. ਮਾਨਯੋਗ ਡਿਪਟੀ ਕਮਿਸ਼ਨਰ, ਪਠਾਨਕੋਟ, ਸ.ਅੰਕੁਰਜੀਤ ਸਿੰਘ, ਆਈ.ਏ.ਐੱਸ., ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਜ), ਪਠਾਨਕੋਟ ਜੀ ਦੀ ਯੋਗ ਅਗਵਾਈ ਹੇਠ ਫਸਲਾਂ ਦੀ ਰਹਿੰਦ—ਖੂੰਹਦ ਨੂੰ ਅੱਗ ਨਾ ਲਗਾਉਂਣ ਸਬੰਧੀ, ਝੋਨੇ ਦੀ ਕਟਾਈ ਸੁਪਰ ਐੱਸ.ਐੱਮ.ਐੱਸ.ਯੁਕਤ ਕੰਬਾਇਨ ਹਾਰਵੈਸਟਰ ਨਾਲ ਕਰਵਾਉਂਣ ਲਈ ਹੁਕਮ ਜਾਰੀ ਕੀਤੇ ਗਏ ਹਨ। ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ, ਡਾ.ਰਾਜਿੰਦਰ ਕੁਮਾਰ ਵੱਲੋਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨ ਫਸਲਾਂ ਦੀ ਰਹਿੰਦ—ਖੂੰਹਦ ਨੂੰ ਅੱਗ ਨਾ ਲਗਾਉਂਣ, ਕਿਉਂਕਿ ਫਸਲਾਂ ਦੀ ਰਹਿੰਦ—ਖੂੰਹਦ ਨੂੰ ਅੱਗ ਲਗਾਉਂਣ ਨਾਲ ਵਾਤਾਵਰਣ, ਜੀਵ ਜੰਤੂਆਂ, ਲਾਗੇ ਖੜ੍ਹੀਆਂ ਫਸਲਾਂ, ਸੜਕ ਦੇ ਕਿਨਾਰੇ ਲਗਾਏ ਗਏ ਬੂਟੇ/ਦਰੱਖਤਾਂ ਅਤੇ ਜਾਨੀ ਨੁਕਸਾਨ ਦਾ ਖਤਰਾ ਬਣਿਆ ਰਹਿੰਦਾ ਹੈ।ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸ਼ਾਮ 7:00 ਵਜੇ ਤੋਂ ਸਵੇਰੇ 10:00 ਵਜੇ ਤੱਕ ਕੰਬਾਇਨ ਹਾਰਵੈਸਟਰਾਂ ਨਾਲ ਝੋਨਾ ਕੱਟਣ ਤੇ ਵੀ ਸਖਤ ਪਾਬੰਧੀ ਲਗਾਈ ਹੈ।ਇਹ ਹੁਕਮ ਮਿਤੀ:09.10.2023 ਤੋਂ 20.11.2023 ਤੱਕ ਲਾਗੂ ਰਹਿਣਗੇ। ਮੁੱਖ ਖੇਤੀਬਾੜੀ ਅਫ਼ਸਰ, ਪਠਾਨਕੋਟ, ਡਾ.ਰਾਜਿੰਦਰ ਕੁਮਾਰ ਵੱਲੋਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਗਈ।