ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅਤੇ ਹਸਪਤਾਲ ਹੁਣ ਵਾਤਾਵਅਨਕੂਲ ਬਣੇਗਾ : ਡਾ . ਬਲਬੀਰ ਸਿੰਘ

  • ਮਰੀਜ਼ਾਂ ਲਈ ਵਿਸ਼ਵ ਪੱਧਰੀ ਸਹੂਲਤਾਂ ਨਾਲ ਹੋਣਗੇ ਲੈਸ- ਸਿਹਤ ਮੰਤਰੀ
  • ਸਿਹਤ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਤੇ ਮੈਡੀਕਲ ਕਾਲਜ ਦਾ ਦੌਰਾ, ਡਾਕਟਰਾਂ ਨਾਲ ਮੈਰਾਥਨ ਮੀਟਿੰਗ

ਅੰਮ੍ਰਿਤਸਰ, 7 ਅਗਸਤ : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਮੈਡੀਕਲ ਕਾਲਜ ਤੇ ਹਸਪਤਾਲ ਨਿਕਟ ਭਵਿੱਖ ਵਿਚ ਮਰੀਜਾਂ ਲਈ ਹਰ ਤਰਾਂ ਦੀ ਵਿਸ਼ਵ ਪੱਧਰੀ ਸਿਹਤ ਸਹੂਲਤ ਨਾਲ ਲੈਸ ਹੋਣਗੇ ਅਤੇ ਮਰੀਜ਼ਾਂ ਨੂੰ ਕਿਸੇ ਵੀ ਸਿਹਤ ਸਹੂਲਤ ਲਈ ਹਸਪਤਾਲ ਤੋਂ ਬਾਹਰ ਨਹੀਂ ਜਾਣਾ ਪਵੇਗਾ। ਉਕਤ ਸਬਦਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬਲਬੀਰ ਸਿੰਘ ਨੇ ਗੁਰੂ ਨਾਨਕ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਪ੍ਰਬੰਧਕੀ ਅਧਿਕਾਰੀਆਂ ਨਾਲ ਕੀਤੀ ਵਿਸਥਾਰਤ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਕੀਤਾ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਸੁਪਨਾ ਪੰਜਾਬ ਨੂੰ ਤੰਦਰੁਸਤ ਤੇ ਖੁਸ਼ਹਾਲ ਵੇਖਣ ਦਾ ਹੈ, ਜਿਸ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਉਨਾਂ ਹਸਪਤਾਲ ਵਿਚ ਚੱਲ ਰਹੇ ਕੰਮਾਂ ਦੀ ਸਮੀਖਿਆ ਕਰਦੇ ਕਿਹਾ ਕਿ ਹਰੇਕ ਕੰਮ ਸਮਾਂ ਸੀਮਾ ਵਿਚ ਰਹਿ ਕੇ ਪੂਰਾ ਕੀਤਾ ਜਾਵੇ ਅਤੇ ਕੰਮ ਦੀ ਗੁਣਵਤਾ ਵਿਚ ਕੋਈ ਕਸਰ ਨਾ ਛੱਡੀ ਜਾਵੇ। ਉਨਾਂ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਹਸਪਤਾਲ ਆਮ ਸਰਕਾਰੀ ਇਮਾਰਤਾਂ ਨਹੀਂ ਹਨ, ਬਲਿਕ ਇਥੇ ਮਰੀਜਾਂ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਕਈ ਤਰਾਂ ਦੀਆਂ ਸੁੱਖ-ਸਹੂਲਤਾਂ ਦੀ ਲੋੜ ਪੈਂਦੀ ਹੈ, ਸੋ ਇੰਨਾ ਇਮਾਰਤਾਂ ਦੀ ਗੁਣਵੱਤਾ ਆਹਲਾ ਦਰਜੇ ਦੀ ਹੋਣੀ ਜਰੂਰੀ ਹੈ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਵਿੱਖ ਵਿਚ ਬਣਨ ਵਾਲੇ ਸਾਰੇ ਹਸਪਤਾਲ ਮਰੀਜਾਂ ਦੀ ਸਿਹਤ ਲੋੜ ਨੂੰ ਪੂਰਾ ਕਰਨ ਲਈ ਸੈਂਟਰਲੀ ਏਅਰਕੰਡੀਸ਼ਨਡ ਕੀਤੇ ਜਾਣ। ਗੁਰੂ ਨਾਨਕ ਦੇਵ ਹਸਪਤਾਲ ਵਿਚ ਕੰਮ ਕਰਵਾ ਰਹੇ ਵੱਖ-ਵੱਖ ਵਿਭਾਗਾਂ, ਜਿਸ ਵਿਚ ਲੋਕ ਨਿਰਮਾਣ ਵਿਭਾਗ, ਪੀ ਐਸ ਪੀ ਸੀ ਐਲ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਪਬਲਿਕ ਹੈਲਥ ਵਿਭਾਗ ਆਦਿ ਦੇ ਅਧਿਕਾਰੀਆਂ ਨੂੰ ਹਦਾਇਤ ਕਰਦੇ ਸਿਹਤ ਮੰਤਰੀ ਨੇ ਉਕਤ ਕਾਲਜ ਵਿਚ ਘੱਟੋ ਘੱਟ ਜੂਨੀਅਰ ਇੰਜੀਨੀਅਰ ਪੱਧਰ ਦਾ ਅਧਿਕਾਰੀ ਪੱਕੇ ਤੌਰ ਉਤੇ ਨਿਯੁੱਕਤ ਕਰਨ ਦੀ ਹਦਾਇਤ ਕੀਤੀ। ਟੀ ਬੀ ਹਸਪਤਾਲ ਦੀ ਖਸਤਾ ਹਾਲਤ ਬਾਰੇ ਪਤਾ ਲੱਗਣ ਉਤੇ ਸਿਹਤ ਮੰਤਰੀ ਨੇ ਉਕਤ ਪੁਰਾਣੀ ਹੋ ਚੁੱਕੀ ਇਮਾਰਤ ਦੀ ਥਾਂ ਨਵੀਂ ਇਮਾਰਤ ਉਸਾਰਨ ਦੀ ਹਦਾਇਤ ਕੀਤੀ ਅਤੇ ਇਸ ਲਈ ਅੱਜ ਤੋਂ ਹੀ ਯੋਜਨਾਬੰਦੀ ਉਲੀਕਣ ਲਈ ਕਿਹਾ। ਮੈਡੀਕਲ ਕਾਲਜ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਸਿਹਤ ਮੰਤਰੀ ਨੇ ਨਵਾਂ ਪ੍ਰਬੰਧਕੀ ਬਲਾਕ ਉਸਾਰਨ, ਡਾਕਟਰਾਂ ਲਈ ਨਵੇਂ ਘਰ, ਨਰਸਿੰਗ ਕਾਲਜ ਨੂੰ ਵਾਤਾਵਅਨਕੂਲ ਕਰਨ, ਮਲਟੀ ਲੈਵਲ ਪਾਰਕਿੰਗ ਨੂੰ ਚਾਲੂ ਕਰਨ,  ਬਲੱਡ ਬੈਂਕ ਨੂੰ ਵੱਡਾ ਕਰਨ ਅਤੇ ਹਸਪਤਾਲ ਵਿਚ ਡਾਕਟਰਾਂ, ਸਟਾਫ ਤੇ ਮਰੀਜਾਂ ਲਈ ਤਿੰਨ ਕੰਟੀਨਾਂ ਬਨਾਉਣ ਦਾ ਐਲਾਨ ਵੀ ਕੀਤਾ। ਸਿਹਤ ਮੰਤਰੀ ਨੇ ਸਟੇਟ ਕੈਂਸਰ ਇੰਸਟੀਚਿਊਟ ਦੀ ਇਮਾਰਤ ਦਾ ਕੰਮ 31 ਅਕਤੂਬਰ ਤੱਕ ਪੂਰਾ ਕਰਨ ਦੀ ਹਦਾਇਤ ਦਿੰਦੇ ਥੀਏਟਰ ਕੰਪਲੈਕਸ, ਐਗਜਾਮੀਨੇਸ਼ਨ ਹਾਲ, ਨਵੇਂ ਮੈਡੀਕਲ ਵਾਰਡਾਂ, ਓ ਟੀ ਤੇ ਆਈ ਸੀ ਯੂ ਕੰਪਲੈਕਸ, ਐਡਵਾਂਸ ਟਰੋਮਾ ਸੈਂਟਰ, ਪੈਟ ਤੇ ਗਾਮਾ ਸਕੈਟ ਸੈਂਟਰ ਦੀ ਉਸਾਰੀ ਆਦਿ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਉਨਾਂ ਕਿਹਾ ਕਿ ਮਰੀਜਾਂ ਨਾਲ ਉਨਾਂ ਦੀ ਰਿਸ਼ਤੇਦਾਰਾਂ ਦੇ ਰਹਿਣ ਲਈ ਦੋ ਇਮਾਰਤਾਂ, ਜਿੰਨਾ ਵਿਚ ਬੈਠਣ, ਸੌਣ, ਨਹਾਉਣ ਤੇ ਪਖਾਨੇ ਆਦਿ ਦਾ ਪ੍ਰਬੰਧ ਹੋਵੇ ਵੀ ਬਨਾਉਣ ਦੀ ਤਜਵੀਜ਼ ਦਿੱਤੀ। ਇਸ ਮੌਕੇ ਉਨਾਂ ਨਾਲ ਪਿ੍ਰੰਸੀਪਲ ਸੈਕਟਰੀ ਸਿਹਤ ਸ੍ਰੀ ਅਨੁਰਾਗ ਅਗਰਵਾਲ, ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ, ਪਿ੍ਰੰਸੀਪਲ ਰਾਜੀਵ ਦੇਵਗਨ, ਸਿਵਲ ਸਰਜਨ ਡਾ ਵਿਜੈ ਕੁਮਾਰ ਤੋਂ ਇਲਾਵਾ ਡੈਂਟਲ ਕਾਲਜ, ਨਰਸਿੰਗ ਕਾਲਜ ਦੇ ਪਿ੍ਰੰਸੀਪਲ ਤੇ ਹਸਪਤਾਲ ਵਿਚ ਕੰਮ ਕਰਵਾ ਰਹੇ ਸਾਰੇ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।