ਗੁਰਦੁਆਰਾ ਚੋਣ ਕਮਿਸ਼ਨ ਯੋਗ ਸਿੱਖ ਵੋਟਰਾਂ ਦੀ ਹੀ ਰਜਿਸਟ੍ਰੇਸ਼ਨ ਯਕੀਨੀ ਬਣਾਵੇ- ਐਡਵੋਕੇਟ ਧਾਮੀ

  • ਸੰਗਤ ਵੱਲੋਂ ਪੁੱਜੀਆਂ ਸ਼ਿਕਾਇਤਾਂ ਦੇ ਅਧਾਰ ਤੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

ਅੰਮ੍ਰਿਤਸਰ, 10 ਅਗਸਤ 2024 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਬਣ ਰਹੀਆਂ ਵੋਟਾਂ ਨੂੰ ਪਾਰਦਰਸ਼ੀ ਅਤੇ ਯੋਗ ਸਿੱਖ ਵੋਟਰਾਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਜਸਟਿਸ ਐੱਸ ਐੱਸ ਸਾਰੋਂ ਨੂੰ ਪੱਤਰ ਲਿਖਿਆ ਹੈ। ਐਡਵੋਕੇਟ ਧਾਮੀ ਨੇ ਇਸ ਗੱਲ ਦਾ ਸਖ਼ਤ ਇਤਾਰਜ਼ ਪ੍ਰਗਟਾਇਆ ਕਿ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਚੋਣਾਂ ਲਈ ਰਜਿਸਟ੍ਰੇਸ਼ਨ ਵਾਸਤੇ ਨਿਰਧਾਰਤ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਸੰਗਤ ਵੱਲੋਂ ਸ਼ਿਕਾਇਤਾਂ ਅਤੇ ਜਾਣਕਾਰੀ ਦਿੱਤੀ ਗਈ ਹੈ ਕਿ ਵੋਟਾਂ ਬਣਾਉਣ ਵਾਲੇ ਸਰਕਾਰ ਦੇ ਕਰਮਚਾਰੀ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਵੋਟਰ ਲਿਸਟਾਂ ਵਿੱਚੋੰ ਬਿਨਾਂ ਤਸਦੀਕ ਕੀਤਿਆਂ ਆਪਣੇ ਤੌਰ ’ਤੇ ਹੀ ਨਾਮ ਚੁੱਕ ਕੇ ਨਿਯਮਾਂ ਨੂੰ ਅਣਦੇਖਾ ਕਰਦਿਆਂ ਵੋਟਰ ਬਣਾ ਰਹੇ ਹਨ। ਇਸ ਤਹਿਤ ਅੰਮ੍ਰਿਤਧਾਰੀ ਤੇ ਸਾਬਤ ਸੂਰਤ ਸਿੱਖ ਦੀ ਸ਼ਰਤ ਦੀ ਉਲੰਘਣਾ ਹੋਣ ਦਾ ਖ਼ਦਸ਼ਾ ਹੈ। ਐਡਵੋਕੇਟ ਧਾਮੀ ਨੇ ਜਸਟਿਸ ਸਾਰੋਂ ਨੂੰ ਲਿਖਿਆ ਕਿ ਉਹ ਇਸ ਮਾਮਲੇ ਵਿੱਚ ਸਖ਼ਤ ਆਦੇਸ਼ ਜਾਰੀ ਕਰਨ ਤਾਂ ਜੋ ਇਹ ਯਕੀਨੀ ਬਣ ਸਕੇ ਕਿ ਕਿਸੇ ਵੀ ਗੈਰ ਸਿੱਖ ਅਤੇ ਪਤਿਤ ਦੀ ਵੋਟ ਨਾ ਬਣੇ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਲਈ ਮੈਂਬਰ ਚੁਨਣ ਵਾਸਤੇ ਨਿਯਮਾਂ ਅਨੁਸਾਰ ਵੋਟਰ ਰਜਿਸਟ੍ਰੇਸ਼ਨ ਯਕੀਨੀ ਬਣਾਉਣਾ ਗੁਰਦੁਆਰਾ ਚੋਣ ਕਮਿਸ਼ਨ ਦਾ ਮੁੱਢਲਾ ਫ਼ਰਜ਼ ਹੈ ਅਤੇ ਸੰਗਤ ਦੇ ਇਤਰਾਜ਼ਾਂ ਤੇ ਖ਼ਦਸ਼ਿਆਂ ਵੱਲ ਕਮਿਸ਼ਨ ਉਚੇਚੇ ਤੌਰ ’ਤੇ ਧਿਆਨ ਕੇਂਦ੍ਰਿਤ ਕਰੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਸਟਿਸ ਸਾਰੋਂ ਨੂੰ ਇਹ ਵੀ ਕਿਹਾ ਕਿ ਸਿੱਖ ਤੇ ਸਾਬਤ ਸੂਰਤ ਵੋਟਰਾਂ ਤੱਕ ਪਹੁੰਚ ਨੂੰ ਵਿਧੀਵਤ ਕਰਨ ਲਈ ਆਦੇਸ਼ ਦੇਣ ਅਤੇ ਹਰ ਵੋਟਰ ਦੀ ਪਛਾਣ ਤਸਦੀਕ ਕਰਨ ਦੇ ਨਾਲ-ਨਾਲ ਉਹ ਦੀ ਤਾਜ਼ਾ ਫੋਟੋ ਫਾਰਮ ਨਾਲ ਲੈ ਕੇ ਹੀ ਵੋਟਾਂ ਬਣਾਈਆਂ ਜਾਣ।