ਰਾਜਪਾਲ ਵੱਲੋਂ ਪੰਜਾਬ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦੇ ਕੰਮ ਦੀ ਸ਼ਲਾਘਾ

  • ਨਸ਼ੇ ਦੇ ਖਾਤਮੇ ਲਈ ਸਰਹੱਦੀ ਪੱਟੀ ਵਿਚ ‘ਵਿਲੇਜ ਡਿਫੈਂਸ ਕਮੇਟੀ’ ਬਨਾਉਣ ਦਾ ਕੀਤਾ ਐਲਾਨ
  • ਚੰਗਾ ਕੰਮ ਕਰਨ ਵਾਲੀਆਂ ‘ਵਿਲੇਜ ਡਿਫੈਂਸ ਕਮੇਟੀ’ ਨੂੰ ਦਿੱਤਾ ਜਾਵੇਗਾ ਲੱਖਾਂ ਰੁਪਏ ਦਾ ਨਗਦ ਇਨਾਮ
  • ਡੀ ਆਈ ਜੀ ਬਾਰਡਰ ਰੇਂਜ ਵੱਲੋਂ ਸ਼ੁਰੂ ਕੀਤੀ ‘ਡਰੋਨ ਐਮਰਜੈਂਸੀ ਰਿਸਪਾਂਸ ਸਿਸਟਮ’ ਨੂੰ ਸਮੁੱਚੀ ਸਰਹੱਦੀ ਪੱਟੀ ਵਿਚ ਲਾਗੂ ਕਰਨ ਦੀ ਕੀਤੀ ਹਦਾ ਇਤ

ਅੰਮ੍ਰਿਤਸਰ, 8 ਜੂਨ : ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪਰੋਹਿਤ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਸ਼ੇ ਅਤੇ ਤਸਕਰਾਂ ਦੇ ਖਾਤਮੇ ਲਈ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦੇ ਕਿਹਾ ਕਿ ਇੰਨਾ ਦੀ ਬਦੌਲਤ ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ਦਾ ਲੱਕ ਟੁੱਟ ਗਿਆ ਹੈ ਅਤੇ ਆਸ ਹੈ ਕਿ ਨਿਕਟ ਭਵਿੱਖ ਵਿਚ ਅਸੀਂ ਇਸ ਉਤੇ ਪੂਰੀ ਤਰਾਂ ਰੋਕ ਲਗਾ ਦਿਆਂਗੇ। ਉਨਾਂ ਕਿਹਾ ਕਿ ਉਕਤ ਸਾਰੇ ਵਿਭਾਗਾਂ ਤੇ ਏਜੰਸੀਆਂ ਦੀ ਬਦੌਲਤ ਗੁਆਂਢੀ ਦੇਸ਼ ਵੱਲੋਂ ਨਸ਼ੇ ਤੇ ਹਥਿਆਰਾਂ ਦੇ ਭੇਜੇ ਜਾ ਰਹੇ ਡਰੋਨਾਂ ਨੂੰ ਸੁਟਿਆ ਜਾ ਰਿਹਾ ਹੈ, ਜੋ ਕਿ ਸਾਡੀ ਵੱਡੀ ਕਾਮਯਾਬੀ ਹੈ।  ਉਨਾਂ ਇਸ ਮੌਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ 6 ਸਰਹੱਦੀ ਜਿਲਿਆਂ ਵਿਚ ਭਾਰਤ-ਪਾਕਿ ਸਰਹੱਦ ਦੇ 10 ਕਿਲੋਮੀਟਰ ਘੇਰੇ ਵਿਚ ਪੈਂਦੇ ਪਿੰਡਾਂ ਵਿਚ ‘ਵਿਲੇਜ ਡਿਫੈਂਸ ਕਮੇਟੀਆਂ’ ਬਨਾਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਕਤ  ਕਮੇਟੀਆਂ ਵਿਚੋਂ ਜਿਹੜੀ ਕਮੇਟੀ ਆਪਣੇ ਪਿੰਡ ਜਾਂ ਇਲਾਕੇ ਵਿਚੋਂ ਨਸ਼ੇ ਨੂੰ ਖਤਮ ਕਰਨ ਲਈ ਸਭ ਤੋਂ ਵੱਧ ਸਰਗਰਮੀ ਨਾਲ ਕੰਮ ਕਰੇਗੀ ਨੂੰ ਆ ਰਹੀ 26 ਜਨਵਰੀ ਦੇ ਰਾਜ ਪੱਧਰੀ ਸਮਾਗਮ ਵਿੱਚ ਵਿਸ਼ੇਸ਼ ਤੌਰ ਉਤੇ ਸਨਮਾਨਤ ਕੀਤਾ ਜਾਵੇਗਾ। ਇਸ ਤਰਾਂ ਹਰੇਕ ਜਿਲ੍ਹੇ ਵਿਚੋਂ ਪਹਿਲੇ ਨੰਬਰ ਤੇ ਆਉਣ ਵਾਲੇ ਨੂੰ ਤਿੰਨ ਲੱਖ, ਦੂਜੇ ਨੰਬਰ ’ਤੇ 2 ਲੱਖ ਅਤੇ ਤੀਜੇ ਨੰਬਰ ਤੇ ਆਉਣ ਵਾਲੇ 1 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਇਸ ਦੌਰਾਨ ਉਨਾਂ ਨੇ ਡੀ ਆਈ ਜੀ ਬਾਰਡਰ ਰੇਂਜ ਸ੍ਰੀ ਨਰਿੰਦਰ ਭਾਰਗਵ ਵੱਲੋਂ ਬੀਤੇ ਦਿਨ ਪਠਾਨਕੋਟ ਦੀ ਸਰਹੱਦੀ ਪੱਟੀ ਵਿਚ ਡਰੋਨ ਰਾਹੀਂ ਹੁੰਦੀ ਤਸਕਰੀ ਰੋਕਣ ਲਈ ਸ਼ੁਰੂ ਕੀਤੇ ਗਏ ‘ਡਰੋਨ ਐਮਰਜੈਂਸੀ ਰਿਸਪਾਂਸ ਸਿਸਟਮ’ ਦੀ ਸਰਾਹਨਾ ਕਰਦੇ ਇਸ ਸਿਸਟਮ ਨੂੰ ਸਮੁੱਚੀ ਸਰਹੱਦੀ ਪੱਟੀ ਵਿਚ ਲਾਗੂ ਕਰਨ ਦੀ ਹਦਾਇਤ ਕੀਤੀ। ਉਨਾਂ ਦੱਸਿਆ ਕਿ ਇਸ ਫਾਰਮੂਲੇ ਤਹਿਤ ਪੁਲਿਸ ਵੱਲੋਂ ਸਰਹੱਦੀ ਪੱਟੀ ਦੇ ਪਿੰਡ ਵਿਚ ਤਾਇਨਾਤ ਕੀਤਾ ‘ਵਿਲੇਜ਼ ਪੁਲਿਸ ਅਫਸਰ’ ਅਤੇ ਵਿਲੇਜ਼ ਡਿਫੈਂਸ ਕਮੇਟੀ ਦੇ 2 ਮੈਂਬਰ ਸਾਰੀ ਰਾਤ ਪਹਿਰੇ ਉਤੇ ਰਹਿਣਗੇ ਅਤੇ ਜਦੋਂ ਵੀ ਡਰੋਨ ਦੀ ਹਰਕਤ ਨਜ਼ਰ ਆਈ ਤਾਂ ਉਹ ਸਾਰੇ ਕਮੇਟੀ ਮੈਂਬਰਾਂ ਨੂੰ ਉਠਾ ਕੇ ਡਰੋਨ ਹੇਠਲੇ ਖੇਤਰ ਦੀ ਨਿਗਰਾਨੀ ਕਰਦੇ ਹੋਏ ਨੇੜਲੇ ਪੁਲਿਸ ਥਾਣੇ ਅਤੇ ਕੰਟਰੋਲ ਰੂਮ ਨੂੰ ਸੂਚਿਚ ਕਰਨਗੇ। ਇਸ ਤਰਾਂ ਡਰੋਨ ਤੋਂ ਸੁੱਟੀ ਗਈ ਖੇਪ ਵੀ ਬਰਾਮਦ ਕੀਤੀ ਜਾ ਸਕੇਗੀ ਅਤੇ ਉਸ ਨੂੰ ਲੈਣ ਆਇਆ ਤਸਕਰ ਵੀ ਪੁਲਿਸ ਦੇ ਅੜਿਕੇ ਆ ਜਾਵੇਗਾ।  ਉੁਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਹੱਦੀ ਖੇਤਰਾਂ ਵਿੱਚ ਸੀ:ਸੀ:ਟੀ:ਵੀ ਕੈਮਰੇ ਵੀ ਲਗਾਏ ਜਾਣਗੇ। ਰਾਜਪਾਲ ਪੰਜਾਬ ਨੇ ਕਿਹਾ ਕਿ ਉਨ੍ਹਾਂ ਦੀ ਫੇਰੀ ਦਾ ਮੁੱਖ ਮਕਸਦ ਰਾਜ ਅਤੇ ਕੇਂਦਰੀ ਏਜੰਸੀਆਂ ਨਾਲ ਮੀਟਿੰਗ ਕਰਕੇ ਫੀਡ ਬੈਕ ਲੈਣਾ ਹੈ ਅਤੇ ਇਨ੍ਹਾਂ ਵਿੱਚ ਆਪਸੀ ਤਾਲਮੇਲ ਨੂੰ ਵਧੀਆ ਬਣਾਉਣਾ ਹੈ, ਜੋ ਕਿ ਸਰਹੱਦ ਪਾਰ ਤੋਂ ਹੁੰਦੀ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਿਆ ਜਾ ਸਕੇ। ਉਨਾਂ ਪੰਜਾਬ ਦੇ ਬਹਾਦਰ ਜਵਾਨਾਂ ਤੇ ਮਿਹਨਤੀ ਕਿਸਾਨਾਂ ਦੀ ਸਿਫਤ ਕਰਦੇ ਕਿਹਾ ਕਿ ਤੁਹਾਡੀ ਬਦੌਲਤ ਦੇਸ਼ ਦੇ ਅੰਨ ਭੰਡਾਰ ਭਰੇ ਹਨ ਅਤੇ ਹੁਣ ਤੁਹਾਡੀ ਮਦਦ ਰਾਜ ਨੂੰ ਨਸ਼ਾ ਮੁੱਕਤ ਕਰਨ ਲਈ ਚਾਹੀਦੀ ਹੈ। ਰਾਜਪਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਬਾਰਡਰ ਤੇ ਨਵੀਂ ਤਕਨੀਕ ਸਥਾਪਤ ਕੀਤੀ ਜਾਵੇਗੀ, ਜਿਸ ਨਾਲ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨਾਂ ਰਾਹੀਂ ਹੋ ਗਤੀਵਿਧੀਆਂ ਉਤੇ ਰੋਕ ਲੱਗੇਗੀ। ਉਨ੍ਹਾਂ ਕਿਹਾ ਕਿ ਸਾਡਾ ਗੁਆਂਢੀ ਮੁਲਕ ਸਿੱਧੇ ਤੌਰ ਤੇ ਸਾਡੇ ਨਾਲ ਯੁੱਧ ਤਾਂ ਨਹੀਂ ਕਰ ਸਕਦਾ ਪਰ ਉਹ ਸਾਡੇ ਨੌਜਵਾਨਾਂ ਨੂੰ ਹਥਿਆਰ ਤੇ ਨਸ਼ਾ ਦੇ ਕੇ ਵਰਗਲਾ ਰਿਹਾ ਹੈ ਅਤੇ ਛੁੱਪ ਕੇ  ਯੁੱਧ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਨੂੰ ਠੱਲ ਪਾਉਣ ਲਈ ਸਾਨੂੰ ਇਕਜੁਟ ਹੋ ਕੇ ਹੰਭਲਾ ਮਾਰਣਾ ਪੈਣਾ ਹੈ। ਬੀਤੇ ਕੱਲ ਸਰਹੱਦੀ ਖੇਤਰ ਦੇ ਮੋਹਤਬਰਾਂ ਦੀ ਮੀਟਿੰਗ ਦੌਰਾਨ ਖੇਮਕਰਨ ਇਲਾਕੇ ਦੇ ਇਕ ਸਰਪੰਚ ਵੱਲੋਂ ਉਠਾਏ ਗਏ ਮੁੱਦੇ ਉਤੇ ਤਰੁੰਤ ਗੌਰ ਕਰਦੇ  ਰਾਜਪਾਲ ਪੰਜਾਬ ਨੇ ਸਰਹੱਦੀ ਪੱਟੀ ਦੇ ਨੌਜਵਾਨਾਂ ਨੂੰ ਵਿਗਿਆਨਕ ਢੰਗ ਨਾਲ ਸਿਖਿਆ ਨੂੰ ਵਧਾਉਣ ਲਈ ਸਰਹੱਦੀ ਖੇਤਰਾਂ ਵਿੱਚ ਇਕ ਮੋਬਾਇਲ ਸਾਇੰਸ ਲੈਬ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਤਾਂ ਜੋ ਸਰਹੱਦੀ ਖੇਤਰ ਦਿੇ ਨੌਜਵਾਨਾਂ ਨੂੰ ਸਾਇੰਸ ਦੇ ਖੇਤਰ ਵਿੱਚ ਮਜਬੂਤ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਨਾਲ ਨੌਜਵਾਨਾਂ ਦੇ ਵਿਗਿਆਨਕ ਗਿਆਨ ਵਿੱਚ ਵਾਧਾ ਹੋਵੇਗਾ। ਇਸ ਮੌਕੇ ਮੁੱਖ ਸਕੱਤਰ ਪੰਜਾਬ ਸ੍ਰੀ ਵਿਜੈ ਕੁਮਾਰ ਜੰਜੂਆਂ, ਡੀ:ਜੀ:ਪੀ ਪੰਜਾਬ ਸ੍ਰੀ ਗੌਰਵ ਯਾਦਵ, ਪ੍ਰਭਾਰੀ ਸਕੱਤਰ ਸ੍ਰੀ ਰਮੇਸ਼ ਕੁਮਾਰ ਗੈਂਟਾ, ਪੁਲਿਸ ਕਮਿਸ਼ਨਰ ਸ੍ਰੀ ਨੋਨਿਹਾਲ ਸਿੰਘ, ਡੀ:ਆਈ:ਜੀ ਬਾਰਡਰ ਰੇਂਜ ਸ੍ਰੀ ਨਰਿੰਦਰ ਭਾਰਗਵ, ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ, ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਸੰਦੀਪ ਰਿਸ਼ੀ, ਵਾਇਸ ਚਾਂਸਲਰ ਸ੍ਰ ਜਸਪਾਲ ਸਿੰਘ ਸੰਧੂ,  ਐਸ:ਐਸ:ਪੀ ਅੰਮ੍ਰਿਤਸਰ ਦਿਹਾਤੀ ਸ੍ਰੀ ਸਤਿੰਦਰ ਸਿੰਘ ਤੋਂ ਇਲਾਵਾ ਹੋਰ ਉਚ ਅਧਿਕਾਰੀ ਹਾਜਰ ਸਨ।