ਸਰਕਾਰੀ ਸਕੀਮਾਂ ਸਮਾਮ ਦੇ ਸਾਰੇ ਵਰਗਾਂ ਤੱਕ ਆਸਾਨੀ ਨਾਲ ਪਹੁੰਚਾਈਆਂ ਜਾਣ - ਡਿਪਟੀ ਈ ਐਸ ਏ 

  • ਅਜਨਾਲੇ ਵਿਖੇ ਮਨਾਇਆ ਗਿਆ ਸੰਪੂਰਨਤਾ ਅਭਿਆਨ

ਅੰਮ੍ਰਿਤਸਰ 4 ਜੁਲਾਈ 2024 : ਨੀਤੀ ਆਯੋਗ, ਨਵੀਂ ਦਿੱਲੀ ਦੁਆਰਾ ਸਪਾਂਸਰ ਕੀਤੇ ਗਏ ਸੰਪੂਰਨਤਾ ਅਭਿਆਨ ਦਾ ਲਾਂਚ ਈਵੈਂਟ ਅਜਨਾਲਾ ਬਲਾਕ ਵਿਖੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਹ ਸਮਾਗਮ ਸਹਾਇਕ ਕਮਿਸ਼ਨਰ ਸੋਨਮ ਆਈ.ਏ.ਐਸ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਨੀਤੀ ਆਯੋਗ ਨਵੀਂ ਦਿੱਲੀ ਦੇ ਅਧਿਕਾਰੀ ਵੀ ਇਸ ਦਾ ਹਿੱਸਾ ਬਣੇ। ਇਹ ਪ੍ਰੋਗਰਾਮ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ ਜਿਸਦਾ ਉਦੇਸ਼ ਸਿਹਤ, ਪੋਸ਼ਣ, ਖੇਤੀਬਾੜੀ, ਸਿੱਖਿਆ ਆਦਿ ਵਰਗੇ ਘੱਟ ਸਕੋਰ ਵਾਲੇ ਸੂਚਕਾਂ ਨੂੰ ਸੰਤ੍ਰਿਪਤ ਕਰਨਾ ਸੀ। ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਈਐਸਏ ਸ਼੍ਰੀਮਤੀ ਕੰਵਲਜੀਤ ਕੌਰ ਨੇ ਦੱਸਿਆ ਕਿ ਪ੍ਰਸ਼ਾਸਨ ਪੇਂਡੂ ਅਤੇ ਪਛੜੇ ਖੇਤਰਾਂ ਦੇ ਸਰਵਪੱਖੀ ਵਿਕਾਸ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਅਤੇ ਇਹ ਯਕੀਨੀ ਬਣਾ ਰਿਹਾ ਹੈ ਕਿ ਸਰਕਾਰੀ ਸਕੀਮਾਂ ਸਮਾਜ ਦੇ ਸਾਰੇ ਵਰਗਾਂ ਤੱਕ ਆਸਾਨੀ ਨਾਲ ਪਹੁੰਚਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਲਾਭ ਪ੍ਰਾਪਤ ਕੀਤਾ ਜਾ ਰਿਹਾ ਹੈ। ਸਮਾਗਮ ਦੇ ਨੋਡਲ ਅਫਸਰ, ਸਹਾਇਕ ਕਮਿਸ਼ਨਰ ਸੋਨਮ ਆਈ.ਏ.ਐਸ ਨੇ ਲੋਕਾਂ ਨੂੰ ਅੱਗੇ ਆਉਣ ਅਤੇ ਸਮਾਜਿਕ ਮੁੱਦਿਆਂ ਨੂੰ ਖਤਮ ਕਰਨ ਲਈ ਪ੍ਰੇਰਿਤ ਕੀਤਾ। ਸੈਲਫ ਹੈਲਪ ਗਰੁੱਪਾਂ ਦੀ ਪ੍ਰਦਰਸ਼ਨੀ ਦੇ ਨਾਲ ਸਿਹਤ, ਪੋਸ਼ਣ ਸਬੰਧੀ ਵੱਖ-ਵੱਖ ਕੈਂਪ ਲਗਾਏ ਗਏ ।ਇਸ ਮੌਕੇ ਬੀ.ਡੀ.ਪੀ.ਓ ਅਜਨਾਲਾ, ਬਲਾਕ ਖੇਤੀਬਾੜੀ ਅਫਸਰ ਏ.ਬੀ.ਐਫ ਸ਼ਿਵਾਲੀ ਸ਼ਰਮਾ, ਏ.ਬੀ.ਐਫ ਮਹਿਮੀਤ, ਹਿਮਾਂਸ਼ੀ, ਚੇਤਨਿਆ ਅਤੇ ਸਾਕਸ਼ੀ ਮੌਜ਼ੂਦ ਸਨ।