ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਅਤੇ ਆਰ.ਆਰ.ਬਾਵਾ ਡੀ.ਏ.ਵੀ ਕਾਲਜ ਫਾਰ ਗਰਲਜ਼ ਬਟਾਲਾ ਨੇ ਕੀਤਾ ਐਮਉਯੂ ਸਾਈਨ

  • ਹੁਨਰ ਅਧਾਰਤ ਸਿਖਲਾਈ, ਸਿੱਖਿਆ ਅਤੇ ਉਦਮਿਤਾ ਦੇ ਖੇਤਰ ਵਿੱਚ ਸਾਂਝੇ ਤੌਰ ਤੇ ਕੀਤੇ ਜਾਣਗੇ ਯਤਨ : ਜਸਬੀਰ ਸਿੰਘ

ਬਟਾਲਾ, 29 ਅਗਸਤ : ਸਥਾਨਕ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ ਅਤੇ ਆਰ.ਆਰ .ਬਾਵਾ ਡੀ. ਏ .ਵੀ ਕਾਲਜ ਫਾਰ ਗਰਲਜ਼ ਬਟਾਲਾ ਦੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਯੋਗ ਅਗਵਾਈ ਹੇਠ ਦੋਨ੍ਹਾਂ ਨਾਮਵਰ ਸੰਸਥਾਵਾਂ ਨੇ ਐਮ. ਉ. ਯੂ ਸਾਈਨ ਕੀਤਾ। ਪੌਲੀਟੈਕਨਿਕ ਕਾਲਜ ਬਟਾਲਾ ਦੇ ਪਲੇਸਮੈਂਟ ਅਫਸਰ ਅਤੇ ਕੈਮੀਕਲ ਵਿਭਾਗ ਦੇ ਇੰਚਾਰਜ ਜਸਬੀਰ ਸਿੰਘ ਨੇ ਇਸ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਹ ਐਮ. ਉ. ਯੂ. ਪੋਲੀਟੈਕਨਿਕ ਕਾਲਜ ਦੇ ਕੈਮੀਕਲ ਵਿਭਾਗ ਅਤੇ ਆਰ ਆਰ ਬਾਵਾ ਕਾਲਜ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਹਿੱਤਾਂ ਨੂੰ ਮੁੱਖ ਰੱਖਦਿਆਂ ਸਾਈਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਨ੍ਹਾਂ ਸੰਸਥਾਵਾਂ ਵੱਲੋਂ ਹੁਨਰ ਅਧਾਰਤ ਸਿਖਲਾਈ, ਸਿੱਖਿਆ ਅਤੇ ਖੋਜ ਲਈ ਲੋੜੀਂਦੀ ਅਧਿਅੱਨ ਸਮੱਗਰੀ ਅਤੇ ਉਦਮਿਤਾ ਦੇ ਖੇਤਰ ਵਿੱਚ ਸਾਂਝੇ ਤੌਰ ਤੇ ਯਤਨ ਕੀਤੇ ਜਾਣਗੇ। ਵਿਦਿਆਰਥੀ ਦੋਨ੍ਹਾਂ ਕਾਲਜਾਂ ਦੇ ਅਧਿਆਪਕਾਂ ਦੀ ਵਿਸ਼ਾ ਮਾਹਰਤ ਦਾ ਵੀ ਲਾਭ ਲੈ ਸਕਣਗੇ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਆਸ ਜਤਾਈ ਕਿ ਜਲਦ ਹੀ ਸਾਝੇਂ ਤੌਰ ਤੇ ਗਤੀਵਿਧੀਆਂ ਦਾ ਪ੍ਰਬੰਧਨ ਕੀਤਾ ਜਾਵੇਗਾ ਅਤੇ ਵਿਦਿਆਰਥੀ ਇਸ ਦਾ ਪੂਰਾ ਲਾਭ ਲੈਣਗੇ। ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਸਭ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੋਲੀਟੈਕਨਿਕ ਕਾਲਜ ਦਾ ਸਮੂਹ ਸਟਾਫ ਵਿਦਿਆਰਥੀਆਂ ਦੀ ਬਹਤਰੀ ਲਈ ਹਮੇਸ਼ਾਂ ਯਤਨਸ਼ੀਲ ਹੈ ਅਤੇ ਅਜੇਹਿਆਂ ਸਮਝੌਤਿਆਂ ਲਈ ਕਾਲਜ ਦਾ ਰਵਈਆ ਹਮੇਸ਼ਾਂ ਹਾਂ ਪੱਖੀ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਏਕਤਾ ਖੋਸਲਾ, ਅਫਸਰ ਇੰਚਾਰਜ ਕੈਮੀਕਲ ਵਿਭਾਗ ਜਸਬੀਰ ਸਿੰਘ ਤੋਂ ਇਲਾਵਾ ਮੈਡਮ ਏਕਤਾ ਭੰਡਾਰੀ, ਮੈਡਮ ਸ਼ਾਲਿਨੀ ਮਹਾਜਨ, ਮੈਡਮ ਰੇਖਾ ਅਤੇ ਮੈਡਮ ਰੰਜੂ ਸਲਹੋਤਰਾ ਵੀ ਮੌਜੂਦ ਸਨ।