ਸਰਕਾਰ ਵੱਲੋਂ ਸੜਕ ਹਾਦਸਿਆਂ ਵਿੱਚ ਕੀਮਤੀ ਜਾਨਾਂ ਬਚਾਉਣ ਲਈ ਸੜਕਾਂ ‘ਤੇ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੀ ਤੈਨਾਤੀ : ਕੈਬਨਿਟ ਮੰਤਰੀ ਈਟੀਓ

  • ਕੈਬਨਿਟ ਮੰਤਰੀ ਨੇ ਖਡੂਰ ਸਾਹਿਬ-ਵੇਈਂ ਪੂਈ-ਢੋਟੀਆਂ ਸੜਕ ਦੀ ਸਪੈਸ਼ਲ ਰਿਪੇਅਰ ਦੇ ਕੰਮ ਦਾ ਰੱਖਿਆ ਨੀਂਹ ਪੱਥਰ

ਤਰਨ ਤਾਰਨ, 24 ਫਰਵਰੀ : ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ ਸ੍ਰੀ ਹਰਭਜਨ ਸਿੰਘ ਈ. ਟੀ. ਓ. ਅੱਜ ਹਲਕਾ ਵਿਧਾਇਕ ਖਡੂਰ ਸਾਹਿਬ ਸ੍ਰ. ਮਨਜਿੰਦਰ ਸਿੰਘ ਲਾਲਪੁਰਾ ਦੀ ਮੌਜੂਦਗੀ ਵਿੱਚ ਅੱਜ ਖਡੂਰ ਸਾਹਿਬ-ਵੇਈਂ ਪੂਈ-ਢੋਟੀਆਂ ਸੜਕ ਦੀ ਸਪੈਸ਼ਲ ਰਿਪੇਅਰ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਇਹ ਸੜਕ ਜਿਸ ਦੀ ਕੁੱਲ ਲੰਬਾਈ 11.56 ਕਿਲੋਮੀਟਰ ਹੈ, ਦੀ ਸਪੈਸ਼ਲ ਰਿਪੇਅਰ ਦਾ ਕੰਮ ਲੋਕ ਨਿਰਮਾਣ ਵਿਭਾਗ, ਭਵਨ ਤੇ ਮਾਰਗ ਸ਼ਾਖਾ ਵੱਲੋਂ 609.06 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ।ਇਸ ਸੜਕ ਨੂੰ ਲੱਗਭੱਗ 23 ਫੁੱਟ ਤੱਕ ਚੌੜਾ ਕੀਤਾ ਜਾਵੇਗਾ ਅਤੇ ਇਸ ਕੰਮ ਨੂੰ 9 ਮਹੀਨੇ ਵਿੱਚ ਮੁਕੰਮਲ ਕੀਤਾ ਜਾਵੇਗਾ। ਸ੍ਰੀ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਇਹ ਸੜਕ ਇਤਿਹਾਸਕ ਨਗਰ ਖਡੂਰ ਸਾਹਿਬ ਤੋਂ ਨੈਸ਼ਨਲ ਹਾਈਵੇ ਤਰਨ ਤਾਰਨ-ਗੋਇੰਦਵਾਲ ਨੂੰ ਮਿਲਾਉਂਦੀ ਹੋਈ ਪਿੰਡ ਵੇਈਂ ਪੂਈਂ ਤੋਂ ਹੁੰਦੀ ਹੋਈ ਪਿੰਡ ਢੋਟੀਆਂ ਨੂੰ ਆਪਸ ਵਿੱਚ ਜੋੜਦੀ ਹੈ।ਉਹਨਾਂ ਦੱਸਿਆ ਕਿ ਇਸ ਸੜਕ ਨੂੰ ਬਣਾਉਣ ਤੋਂ ਬਾਅਦ ਸਬੰਧਿਤ ਠੇਕੇਦਾਰ ਵੱਲੋਂ 5 ਸਾਲ ਲਈ ਮੇਨਟੇਨ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਦੀ ਸਹੂਲਤ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇੇ ਹਨ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਸੜਕ ਹਾਦਸਿਆਂ ਵਿੱਚ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸੜਕਾਂ ‘ਤੇ ਤੈਨਾਤੀ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਅੱਜ 92 ਪ੍ਰਤੀਸ਼ਤ ਘਰੇਲੂ ਬਿਜਲੀ ਖਪਤਕਾਰਾ ਦਾ ਬਿਜਲੀ ਬਿੱਲ ਜੀਰੋ ਆ ਰਿਹਾ ਹੈ, ਜੋ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਲਈ ਆਰਥਿਕ ਤੌਰ ‘ਤੇ ਇੱਕ ਚੰਗਾ ਫੈਸਲਾ ਹੈ। ਇਸ ਮੌਕੇ ਸ੍ਰ. ਮਨਜਿੰਦਰ ਸਿੰਘ ਲਾਲਪੁਰਾ ਹਲਕਾ ਵਿਧਾਇਕ ਖਡੂਰ ਸਾਹਿਬ ਨੇ ਦੱਸਿਆ ਕਿ ਇਲਾਕਾ ਵਾਸੀਆਂ ਅਤੇ ਇਸ ਦੇ ਨਾਲ ਲੱਗਦੇ ਪਿੰਡ ਵਾਸੀਆਂ ਲਈ ਇਹ ਸੜਕ ਬਹੁਤ ਹੀ ਮਹੱਤਵਪੂਰਨ ਹੈ।ਰਾਹਗੀਰਾਂ ਅਤੇ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਸ ਸੜਕ ਤੇ ਥਰਮੋਪਲਾਸਟਿਕ ਮਾਰਕਿੰਗਸ ਅਤੇ ਕੈਟ-ਆਈ ਦੀ ਸੁਵਿਧਾ ਵੀ ਦਿੱਤੀ ਜਾਵੇਗੀ।