ਅਬਾਦ ਖੇਡ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਅਤੇ ਸਮਾਪਤੀ ਸਮਾਰੋਹ ਅੱਜ ਹੋਵੇਗਾ

  • ਬੈਡਮਿੰਟਨ ਅਤੇ ਕ੍ਰਿਕਟ ਦੇ ਫਾਈਨਲ ਮੈਚ ਗੁਰਦਾਸਪੁਰ ਵਿਖੇ ਹੋਣਗੇ
  • ਹਾਕੀ ਦਾ ਫਾਈਨਲ ਮੈਚ ਅੱਜ ਸ਼ਾਮ ਪਿੰਡ ਮਰੜ ਦੇ ਐਸਟਰੋਟਰਫ ਸਟੇਡੀਅਮ ਵਿਖੇ ਹੋਵੇਗਾ

ਗੁਰਦਾਸਪੁਰ, 6 ਜਨਵਰੀ : ਪੰਜਾਬ ਸਰਕਾਰ ਦੀਆਂ ਹਦਾਇਤਾਂ `ਤੇ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਮਕਸਦ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਅਤੇ ਅਖਿਲ ਭਾਰਤੀਯ ਅਗਰਵਾਲ ਸੰਮੇਲਨ, ਪੰਜਾਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ `ਅਬਾਦ ਖੇਡ ਟੂਰਨਾਮੈਂਟ-2023-24 (ਸੀਜ਼ਨ-1) ਦਾ ਸਮਾਪਤੀ ਸਮਾਰੋਹ ਅੱਜ 6 ਜਨਵਰੀ 2024 ਨੂੰ ਹੋਵੇਗਾ। ਅਬਾਦ ਖੇਡ ਟੂਰਨਾਮੈਂਟ ਵਿੱਚ ਫੁੱਟਬਾਲ (ਲੜਕੇ), ਹਾਕੀ (ਲੜਕੇ), ਕ੍ਰਿਕੇਟ (ਲੜਕੇ), ਜਿਮਨਾਸਟਿਕ (ਲੜਕੇ ਤੇ ਲੜਕੀਆਂ), ਬੈਡਮਿੰਟਨ (ਲੜਕੇ-ਲੜਕੀਆਂ) ਦੇ ਮੁਕਾਬਲੇ ਕਰਵਾਏ ਗਏ ਹਨ, ਜਿਸ ਵਿਚੋਂ ਫੁੱਟਬਾਲ ਅਤੇ ਜਿਮਨਾਸਟਿਕ ਦੀਆਂ ਖੇਡਾਂ ਦੇ ਫਾਈਨਲ ਮੁਕਾਬਲੇ ਹੋ ਚੁੱਕੇ ਹਨ ਜਦਕਿ ਅੱਜ 6 ਜਨਵਰੀ 2024 ਨੂੰ ਕ੍ਰਿਕੇਟ, ਬੈਡਮਿੰਟਨ ਅਤੇ ਹਾਕੀ ਦੇ ਫਾਈਨਲ ਮੁਕਾਬਲੇ ਹੋਣਗੇ। ਬੈਡਮਿੰਟਨ ਦਾ ਫਾਈਨਲ ਮੈਚ ਅੱਜ ਦੁਪਹਿਰ 12 ਵਜੇ ਬੈਡਮਿੰਟਨ ਹਾਲ, ਗੁਰਦਾਸਪੁਰ ਵਿਖੇ ਸ਼ੁਰੂ ਹੋਵੇਗਾ ਅਤੇ ਇਨਾਮਾਂ ਦੀ ਵੰਡ ਦਪਹਿਰ 1:30 ਵਜੇ ਹੋਵੇਗੀ। ਇਸੇ ਤਰ੍ਹਾਂ ਕ੍ਰਿਕਟ ਦਾ ਫਾਈਨਲ ਮੈਚ ਸਰਕਾਰੀ ਕਾਲਜ ਗੁਰਦਾਸਪੁਰ ਦੇ ਸਟੇਡੀਅਮ ਵਿੱਚ 11:00 ਵਜੇ ਸ਼ੁਰੂ ਹੋਵੇਗਾ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ 2:30 ਵਜੇ ਕੀਤੀ ਜਾਵੇਗੀ। ਗੁਰਦਾਸਪੁਰ ਵਿਖੇ ਹੋਣ ਵਾਲੇ ਬੈਡਮਿੰਟਨ ਅਤੇ ਕ੍ਰਿਕਟ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਅਖਿਲ ਭਾਰਤੀਯ ਅਗਰਵਾਲ ਸੰਮੇਲਨ, ਪੰਜਾਬ ਦੇ ਪ੍ਰਧਾਨ ਸ੍ਰੀ ਸੁਰਿੰਦਰ ਅਗਰਵਾਲ ਵੱਲੋਂ ਕੀਤੀ ਜਾਵੇਗੀ। ਹਾਕੀ ਦਾ ਫਾਈਨਲ ਮੈਚ ਐਸਟਰੋਟਰਫ ਹਾਕੀ ਸਟੇਡੀਅਮ ਪਿੰਡ ਮਰੜ ਵਿਖੇ ਅੱਜ ਸ਼ਾਮ 5:00 ਵਜੇ ਸ਼ੁਰੂ ਹੋਵੇਗਾ। ਹਾਕੀ ਦੇ ਫਾਈਨਲ ਮੈਚ ਦੌਰਾਨ ਸੂਬੇ ਦੇ ਕੈਬਨਿਟ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਜਦਕਿ ਪਨਸਪ ਦੇ ਚੇਅਰਮੈਨ ਸ. ਬਲਬੀਰ ਸਿੰਘ ਪੰਨੂ, ਅਖਿਲ ਭਾਰਤੀਯ ਅਗਰਵਾਲ ਸੰਮੇਲਨ, ਪੰਜਾਬ ਦੇ ਪ੍ਰਧਾਨ ਸ੍ਰੀ ਸੁਰਿੰਦਰ ਅਗਰਵਾਲ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਜੇਤੂ ਟੀਮਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਜ਼ਿਲ੍ਹੇ ਦੇ ਨੌਜਵਾਨਾਂ, ਖਿਡਾਰੀਆਂ ਅਤੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਉਹ 6 ਜਨਵਰੀ ਦਿਨ ਸ਼ਨੀਵਾਰ ਨੂੰ ਹੋਣ ਵਾਲੇ ਅਬਾਦ ਖੇਡ ਟੂਰਨਾਮੈਂਟ ਦੇ ਫਾਈਨਲ ਮੈਚਾਂ ਨੂੰ ਦੇਖਣ ਲਈ ਪਹੁੰਚਣ ਅਤੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨ।