‘ਜੇ-ਫਾਰਮ’ ਧਾਰਕ ਕਿਸਾਨ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਦੇ ਕਾਰਡ ਬਣਵਾਉਣ ਲਈ ਮਾਰਕਿਟ ਕਮੇਟੀਆਂ ’ਚ ਸੰਪਰਕ ਕਰਨ : ਡੀ.ਐਮ.ਓ. ਸੈਣੀ

  • ਕਾਰਡ ’ਤੇ ‘ਸਿਹਤ ਬੀਮਾ ਯੋਜਨਾ’ ਤਹਿਤ ਸੂਚੀਬੱਧ ਹਸਪਤਾਲਾਂ ’ਚ ਹੁੰਦਾ 5 ਲੱਖ ਰੁਪਏ ਤੱਕ ਮੁਫ਼ਤ ਇਲਾਜ

ਗੁਰਦਾਸਪੁਰ, 7 ਅਗਸਤ : ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਸ੍ਰੀ. ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਭਰ ਦੇ ‘ਜੇ-ਫਾਰਮ’ ਧਾਰਕ ਕਿਸਾਨਾਂ ਦੇ ਸੂਚੀਬੱਧ ਹਸਪਤਾਲਾਂ ’ਚ ਮੁਫਤ ਇਲਾਜ ਲਈ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਕਾਰਡ ਬਣਾਉਣ ਲਈ ਮਾਰਕਿਟ ਕਮੇਟੀਆਂ ਵਿਖੇ ਪ੍ਰਬੰਧ ਕੀਤਾ ਗਿਆ ਹੈ। ਸ੍ਰੀ ਸੈਣੀ ਨੇ ਦੱਸਿਆ ਕਿ ਵਿਭਾਗ ਵਲੋਂ ਇਸ ਯੋਜਨਾਂ ਤਹਿਤ 100 ਫੀਸਦੀ ਕਾਰਡ ਬਣਾਏ ਜਾਣਗੇ ਤਾਂ ਜੋ ਕੋਈ ਵੀ ਕਿਸਾਨ ਸਰਕਾਰ ਦੀ ਇਸ ਸਹੂਲਤ ਤੋਂ ਵਾਂਝਾ ਨਾ ਰਹੇ ਤਾਂ ਜੋ ਲੋੜ ਪੈਣ ’ਤੇ ਉਹ ਸਿਹਤ ਬੀਮਾ ਯੋਜਨਾ ਦਾ ਲਾਭ ਲੈ ਸਕਣ। ਡੀ.ਐਮ.ਓ. ਸ੍ਰੀ ਸੈਣੀ ਨੇ ਦੱਸਿਆ ਕਿ ਸਰਕਾਰ ਦੀ ਇਸ ਸਕੀਮ ਤਹਿਤ ‘ਜੇ-ਫਾਰਮ’ ਧਾਰਕ ਕਿਸਾਨ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਮੁਫ਼ਤ ਇਲਾਜ ਦੀ ਸਹੂਲਤ ਸੂਚੀਬੱਧ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਮੁਹੱਈਆ ਹੋਵੇਗੀ। ਉਨ੍ਹਾਂ ਜ਼ਿਲ੍ਹੇ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਸਹੂਲਤ ਲਈ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੀਆਂ ਮਾਰਕਿਟ ਕਮੇਟੀਆਂ ਦੀਨਾਨਗਰ, ਧਾਰੀਵਾਲ, ਕਲਾਨੌਰ, ਕਾਹਨੂੰਵਾਨ, ਬਟਾਲਾ, ਕਾਦੀਆਂ, ਸ਼੍ਰੀ ਹਰਗੋਬਿੰਦਪੁਰ ਸਾਹਿਬ, ਫ਼ਤਹਿਗੜ੍ਹ ਚੂੜੀਆਂ, ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਵਿੱਚ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਕਾਰਡ ਬਣਾਉਣ ਲਈ ਮਾਰਕਿਟ ਕਮੇਟੀਆਂ ਦੇ ਅਮਲੇ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਸ੍ਰੀ ਸੈਣੀ ਨੇ ਜ਼ਿਲ੍ਹੇ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਪ੍ਰਤੀ ਸੰਜੀਦਾ ਹੋਣ ਅਤੇ ਸਰਕਾਰ ਦੀ ਇਸ ਮੁਫਤ ਸਿਹਤ ਬੀਮਾਂ ਯੋਜਨਾਂ ਦਾ ਲਾਭ ਲੈਣ ਲਈ ਲੋੜੀਂਦੇ ਦਸਤਾਵੇਜ ਲੈ ਕੇ ਨਜਦੀਕ ਮਾਰਕਿਟ ਕਮੇਟੀ ਦਫਤਰ ਵਿਖੇ ਸੰਪਰਕ ਕਰਨ। ਡੀ.ਐਮ.ਓ. ਸ੍ਰੀ ਸੈਣੀ ਨੇ ਜ਼ਿਲ੍ਹੇ ਭਰ ਦੇ ਆੜ੍ਹਤੀਆਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਅਧੀਨ ਜਿਹੜੇ ਕਿਸਾਨਾਂ ਦੇ ‘ਜੇ-ਫਾਰਮ’ ਜਾਰੀ ਹੋਏ ਹਨ ਅਤੇ ਅਜੇ ਤੱਕ ਉਨ੍ਹਾਂ ਦੇ ਬੀਮਾ ਯੋਜਨਾਂ ਦੇ ਕਾਰਡ ਨਹੀਂ ਬਣੇ ਉਹ ਉਨ੍ਹਾਂ ਕਿਸਾਨਾਂ ਨਾਲ ਨਿੱਜੀ ਤੌਰ ’ਤੇ ਸੰਪਰਕ ਕਰਕੇ ਉਨ੍ਹਾਂ ਦੇ ਫਾਰਮ ਭਰਕੇ ਆਪਣੇ ਅਧੀਨ ਪੈਂਦੀਆਂ ਮਾਰਕਿਟ ਕਮੇਟੀਆਂ ਵਿਖੇ ਸਪੁਰਦ ਕਰਨ।