ਸਰਹੱਦੀ ਇਲਾਕੇ ਵਿੱਚ ਖੇਤਾਂ ਵਿੱਚੋਂ ਕਿਸਾਨ ਨੂੰ ਮਿਲੇ ਦੋ ਪੈਕਟ ਹੈਰੋਇਨ

ਗੁਰਦਾਸਪੁਰ 16 ਅਪ੍ਰੈਲ : ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਦੇ ਅਧੀਨ ਪੈਂਦੇ ਪਿੰਡ ਬਾਊਪੁਰ ਅਫਗਾਨਾਂ ਦੇ ਕਿਸਾਨ ਦੇ ਖੇਤ ਚੋਂ ਨਸ਼ੀਲੇ ਪਦਾਰਥ (ਸੰਭਾਵਿਤ ਹੈਰੋਇਨ) ਦੇ 2 ਪੈਕਟ ਮਿਲਣ ਦੀ ਖ਼ਬਰ ਮਿਲੀ ਹੈ। ਸੂਤਰਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਕਿਸਾਨ ਜਰਨੈਲ ਸਿੰਘ ਨੂੰ ਆਪਣੇ ਖੇਤ ਚੋਂ ਕਣਕ ਦੀ ਕਟਾਈ ਤੋਂ ਬਾਅਦ ਤੂੜੀ ਬਣਾਉਣ ਲੱਗਿਆ ਇਕ ਬੈਗ ਮਿਲਿਆ। ਜਿਸ ਵਿੱਚੋਂ  2 ਪੈਕਟ ਨਿਕਲੇ ਤਾਂ ਕਿਸਾਨ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ, ਪੁਲਿਸ ਦੇ ਹਵਾਲੇ ਖੇਤਾਂ ਵਿਚੋਂ ਮਿਲਿਆ ਸਮਾਨ ਕਰ ਦਿੱਤਾ।ਪੁਲਿਸ ਵਲੋਂ ਦੋਵੇਂ ਪੈਕਟ ਅਤੇ ਬੈਗ ਨੂੰ ਕਬਜ਼ੇ ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰੇਖਾਸ ਹੈ ਕਿ ਪਿੰਡ ਬਾਉਪੁਰ ਅਫਗਾਨਾ ਅੰਤਰਰਾਸ਼ਟਰੀ ਬਾਰਡਰ ਦੇ ਨਜ਼ਦੀਕ ਪੈਂਦਾ ਹੈ ਅਤੇ ਬੀਤੇ ਦਿਨਾਂ ਵਿਚ ਅਕਸਰ ਨਜ਼ਦੀਕੀ ਖੇਤਰਾਂ ਵਿੱਚ ਪਕਿਸਤਾਨੀ ਡਰੋਨ ਦੀਆਂ ਗਤੀਵਿਧੀਆਂ ਦੇਖੀਆਂ ਜਾਂਦੀਆਂ ਰਹੀਆਂ ਹਨ ।ਪੁਲਿਸ ਅਤੇ ਬੀ ਐਸ ਐਫ ਵਲੋਂ ਸਾਂਝੇ ਤੌਰ ਤੇ ਨਾਲ ਲਗਦੇ ਖੇਤਾਂ ਵਿੱਚ ਸਰਚ ਕੀਤੀ ਜਾ ਰਹੀ ਹੈ।