- ਡਿਪਟੀ ਕਮਿਸ਼ਨਰ ਨੇ ਸਾਰੇ ਯੋਗ ਵੋਟਰਾਂ ਨੂੰ ਆਪਣੇ ਨਾਮ ਰਜਿਸਟਰਡ ਕਰਵਾਉਣ ਦੀ ਅਪੀਲ
ਗੁਰਦਾਸਪੁਰ, 17 ਨਵੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀਆਂ ਚੋਣਾਂ ਵਿੱਚ ਵੋਟ ਪਾਉਣ ਲਈ ਵੋਟਰ ਵਜੋਂ ਨਾਮ ਰਜਿਸਟਰ ਕਰਵਾਉਣ ਦੀ ਆਖਰੀ ਮਿਤੀ 15 ਨਵੰਬਰ 2023 ਤੋਂ ਵਧਾ ਕੇ 29 ਫਰਵਰੀ, 2024 ਕਰ ਦਿੱਤੀ ਗਈ ਹੈ। ਸੋਧੇ ਹੋਏ ਸ਼ਡਿਊਲ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀਆਂ ਚੋਣਾਂ ਲਈ ਸਾਰੇ ਯੋਗ ਵੋਟਰ ਹੁਣ ਮਿਤੀ 29 ਫਰਵਰੀ ਤੱਕ ਆਪਣੇ ਨਾਮ ਰਜਿਸਟਰਡ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ 21 ਮਾਰਚ, 2024 ਤੱਕ ਮੁੱਢਲੀ ਸੂਚੀਆਂ ਦੀ ਪ੍ਰਕਾਸ਼ਨਾ ਕੀਤੀ ਜਾਵੇਗੀ ਜਦਕਿ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਆਖਰੀ ਮਿਤੀ 11 ਅਪ੍ਰੈਲ 2024 ਤੱਕ ਹੈ। ਉਨ੍ਹਾਂ ਕਿਹਾ ਕਿ ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ ਅਤੇ ਇਸ ਸਬੰਧੀ ਸੰਸ਼ੋਧਿਤ ਅਥਾਰਟੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਫੈਸਲਿਆਂ ਦੇ ਸੰਚਾਰ ਦੀ ਆਖਰੀ ਮਿਤੀ 21 ਅਪ੍ਰੈਲ, 2024 ਹੈ ਅਤੇ ਸਪਲੀਮੈਂਟਰੀ ਵੋਟਰ ਸੂਚੀ ਦੇ ਖਰੜੇ ਦੀਆਂ ਤਿਆਰੀਆਂ ਅਤੇ ਸਪਲੀਮੈਂਟ ਦੀ ਛਪਾਈ ਦੀ ਮਿਤੀ 2 ਮਈ, 2024 ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 3 ਮਈ, 2024 ਨੂੰ ਹੋਵੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ 29 ਫਰਵਰੀ, 2024 ਤੱਕ ਆਪਣੇ ਨਾਮ ਜਰੂਰ ਰਜਿਸਟਰਡ ਕਰਵਾ ਲੈਣ।