ਰੀਗੋ ਬਿ੍ਰਜ ਦੀ ਉਸਾਰੀ ਤੋਂ ਪਹਿਲਾਂ ਬਦਲਵੇਂ ਰੂਟ ਤਲਾਸ਼ੇ ਜਾਣੇ ਯਕੀਨੀ ਬਣਾਓ- ਡਿਪਟੀ ਕਮਿਸ਼ਨਰ

  • ਸਮੇਂ ਸਿਰ ਪੁੱਲ ਦੀ ਉਸਾਰੀ ਦਾ ਕੰਮ ਪੂਰਾ ਕਰਨ ਦੀ ਸ਼ਰਤ ਉਤੇ ਦਿੱਤੀ ਜਾਵੇਗੀ ਪ੍ਰਵਾਨਗੀ 

ਅੰਮ੍ਰਿਤਸਰ, 29 ਨਵੰਬਰ : ਰੀਗੋ ਬਿ੍ਰਜ ਦੀ ਉਸਾਰੀ ਲਈ ਭਾਰਤੀ ਰੋਲਵੇ ਵੱਲੋਂ ਮਿਲੀ ਹਰੀ ਝੰਡੀ ਦਾ ਸਵਾਗਤ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਨੇ ਕਿਹਾ ਕਿ ਪੁਰਾਣੇ ਹੋ ਚੁੱਕੇ ਇਸ ਪੁੱਲ ਨੂੰ ਨਵਾਂ ਉਸਾਰਨ ਦੀ ਲੋੜ ਹੈ, ਪਰ ਇਸ ਰਸਤੇ ਨੂੰ ਉਸਾਰੀ ਲਈ ਬੰਦ ਕਰਨ ਤੋਂ ਪਹਿਲਾਂ ਟਰੈਫਿਕ ਪੁਲਿਸ ਤੇ ਕਾਰਪੋਰੇਸ਼ਨ ਲੋਕਾਂ ਲਈ ਬਦਲਵੇਂ ਰਸਤੇ ਦੇਵੇ। ਅੱਜ ਰੀਗੋ ਬਿ੍ਰਜ ਦੀ ਉਸਾਰੀ ਲਈ ਸੱਦੀ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵੇਂ ਕਿ ਇਹ ਰਸਤਾ ਭਾਰੀ ਵਾਹਨਾਂ ਲਈ ਪਹਿਲਾਂ ਤੋਂ ਹੀ ਬੰਦ ਕੀਤਾ ਜਾ ਚੁੱਕਾ ਹੈ, ਪਰ ਅਜੇ ਵੀ ਵੱਡੀ ਗਿਣਤੀ ਵਿਚ ਛੋਟੇ ਵਾਹਨ ਤੇ ਸਕੂਟਰ, ਸਾਇਕਲ ਇਸ ਰਸਤੇ ਤੋਂ ਰੋਜ਼ਾਨਾ ਆਉਂਦੇ ਹਨ। ਇਸ ਲਈ ਪੁੱਲ ਢਾਹੁਣ ਤੋਂ ਪਹਿਲਾਂ ਇਸ ਰਸਤੇ ਦੀ ਥਾਂ ਜੋ ਵੀ ਰਸਤੇ ਲੋਕਾਂ ਦੀ ਵਰਤੋਂ ਲਈ ਦਿੱਤੇ ਜਾਣੇ ਹਨ, ਬਾਬਤ ਟਰੈਫਿਕ ਪੁਲਿਸ ਤੇ ਕਾਰਪੋਰੇਸ਼ਨ ਅਧਿਕਾਰੀ ਫੈਸਲਾ ਲੈਣ ਤੇ ਲੋਕਾਂ ਨੂੰ ਇੰਨਾ ਰਸਤਿਆਂ ਬਾਰੇ ਜਾਣੂੰ ਕਰਵਾਉਣ। ਉਨਾਂ ਰੇਲਵੇ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਸ਼ਹਿਰ ਦੀ ਟਰੈਫਿਕ ਲੋੜਾਂ ਨੂੰ ਵੇਖਦੇ ਹੋਏ ਇਹ ਪੁੱਲ ਘੱਟ ਤੋਂ ਘੱਟ ਸਮੇਂ ਵਿਚ ਬਨਾਉਣ ਦਾ ਉਪਰਾਲਾ ਕੀਤਾ ਜਾਵੇ ਤਾਂ ਜੋ ਲੋਕ ਲੰਮਾ ਸਮਾਂ ਇਸ ਦੀ ਉਸਾਰੀ ਦਾ ਇੰਤਜ਼ਾਰ ਨਾ ਕਰਨਾ ਪਵੇ। ਉਨਾਂ ਕਿਹਾ ਕਿ ਰੇਲਵੇ ਨੂੰ ਪੁੱਲ ਦੀ ਉਸਾਰੀ ਲਈ ਪ੍ਰਵਾਨਗੀ ਇਸੇ ਸ਼ਰਤ ਉਤੇ ਦਿੱਤੀ ਜਾਵੇਗੀ ਕਿ ਉਹ ਠੇਕੇਦਾਰ ਕੋਲੋਂ ਸਮੇਂ ਸਿਰ ਕੰਮ ਪੂਰਾ ਕਰਨ ਦਾ ਭਰੋਸਾ ਲਵੇ ਅਤੇ ਅਜਿਹਾ ਨਾ ਹੋਣ ਉਤੇ ਠੇਕੇਦਾਰ ਨੂੰ ਭਾਰੀ ਜੁਰਮਾਨਾ ਦਾ ਪ੍ਰਬੰਧ ਇਕਰਾਰਨਾਮੇ ਵਿਚ ਦਰਜ ਹੋਵੇ।  ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਇਸ ਪੁੱਲ ਨੂੰ ਬੰਦ ਕਰਕੇ ਜੋ ਵੀ ਰਸਤੇ ਲੋਕਾਂ ਲਈ ਦਿੱਤੇ ਜਾਣੇ ਹਨ, ਬਾਬਤ ਲੋਕਾਂ ਨੂੰ ਮੀਡੀਏ ਤੇ ਲੋਕ ਨੁੰਮਾਇਦਿਆਂ ਰਾਹੀਂ ਜਾਣੂੰ ਕਰਵਾ ਦਿੱਤਾ ਜਾਵੇ। ਇਸ ਮੌਕੇ ਰੇਲਵੇ , ਕਾਰਪੋਰੇਸ਼ਨ, ਲੋਕ ਨਿਰਮਾਣ ਵਿਭਾਗ, ਟਰੈਫਿਕ ਪੁਲਿਸ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।