ਅਟਾਰੀ, 22 ਅਪ੍ਰੈਲ : ਭਾਰਤ-ਪਾਕਿਸਤਾਨ ਸਰਹੱਦ ਅਟਾਰੀ ਬਾਰਡਰ ‘ਤੇ ਵੀ ਅੱਜ ਈਦ ਮਨਾਈ ਗਈ। ਸਰਹੱਦ ‘ਤੇ ਈਦ ਦੇ ਸ਼ੁੱਭ ਮੌਕੇ ‘ਤੇ ਪਾਕਿਸਤਾਨ ਰੇਂਜਰਸ ਤੇ ਪੰਜਾਬ ਬਾਰਡਰ ‘ਤੇ ਤਾਇਨਾਤ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਇਕ-ਦੂਜੇ ਨਾਲ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। ਇਕ ਦੂਜੇ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਦੋਵੇਂ ਦੇਸ਼ਾਂ ਵਿਚ ਸ਼ਾਂਤੀ ਦੀ ਦੁਆ ਵੀ ਮੰਗੀ। ਹਰ ਸਾਲ ਮੁੱਖ ਤਿਓਹਾਰਾਂ ਤੋਂ ਇਲਾਵਾ ਆਜਾਦੀ ਤੇ ਗਣਤੰਤਰ ਦਿਵਸ ‘ਤੇ ਦੋਵੇਂ ਦੇਸ਼ਾਂ ਦੇ ਜਵਾਨ ਇਕ ਦੂਜੇ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਨ। ਸਰਹੱਦ ‘ਤੇ ਦੋਵੇਂ ਦੇਸ਼ਾਂ ਦੀ ਦੁਸ਼ਮਣੀ ਵਿਚ ਸ਼ਾਂਤੀ ਨੂੰ ਫੈਲਾਉਣ ਦੀ ਇਹ ਛੋਟੀ ਜਿਹੀ ਕੋਸ਼ਿਸ਼ ਹੈ ਜੋ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਪੁਲਵਾਮਾ ਅਟੈਕ ਤੇ ਫਿਰ ਕੋਰੋਨਾ ਕਾਲ ਵਿਚ ਦੋਵੇਂ ਦੇਸ਼ਾਂ ਦੇ ਦਰਵਾਜੇ ਇਕ ਦੂਜੇ ਲਈ ਬੰਦ ਕਰ ਦਿੱਤੇ ਗਏ ਸਨ। ਕੋਰੋਨਾ ਕਾਲ ਖਤਮ ਹੋ ਜਾਣ ਦੇ ਬਾਅਦ ਦੋਵੇਂ ਦੇਸ਼ਾਂ ਵਿਚ ਜ਼ਿੰਦਗੀ ਆਮ ਹੋਣ ਦੇ ਨਾਲ-ਨਾਲ ਸਰਹੱਦ ‘ਤੇ ਮਾਹੌਲ ਵੀ ਆਮ ਹੋ ਗਿਆ। ਬੀਤੇ ਸਾਲ ਤੋਂ 15 ਅਗਸਤ, ਹੋਲੀ, ਦੀਵਾਲੀ, 26 ਜਨਵਰੀ ਤੋਂ ਇਲਾਵਾ ਈਦ ‘ਤੇ ਵੀ ਦੋਵੇਂ ਦੇਸ਼ਾਂ ਨੇ ਇਕ-ਦੂਜੇ ਨੂੰ ਸ਼ੁੱਭਕਾਮਨਾਵਾਂ ਦੇ ਨਾਲ-ਨਾਲ ਮਠਿਆਈਆਂ ਦਾ ਆਦਾਨ-ਪ੍ਰਦਾਨ ਵੀ ਸ਼ੁਰੂ ਕੀਤਾ ਹੈ।