ਸਿੱਖਿਆ ਜੀਵਨ ਦੇ ਹਰ ਮਾਰਗ ’ਤੇ ਸਾਡਾ ਕਰਦੀ ਹੈ ਮਾਰਗ ਦਰਸ਼ਨ : ਹਰਪ੍ਰੀਤ ਸਿੰਘ ਸੂਦਨ

ਅੰਮ੍ਰਿਤਸਰ, 10 ਅਪ੍ਰੈਲ : ਸਰੂਪ ਰਾਣੀ ਸਰਕਾਰੀ ਕਾਲਜ ਮਹਿਲਾ ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਪ੍ਰੋ. ਡਾ. ਦਲਜੀਤ ਕੌਰ ਦੀ ਯੋਗ ਅਗਵਾਈ ਹੇਠ ਪ੍ਰੋਗਰਾਮ  ਆਯੋਜਕ ਪ੍ਰੋ. ਡਾ. ਸੁਨੀਲਾ ਸ਼ਰਮਾ  ਅਤੇ  ਡਾ. ਸਰਘੀ ਦੇ ਸਹਿਯੋਗ ਨਾਲ ਸਲਾਨਾ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ।  ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਵਿਸ਼ੇਸ਼ ਮਹਿਮਾਨ ਵਜੋਂ  ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੌਰ (ਕਾਲਜ ਦੇ 2012 ਬੈਚ ਦੀ ਵਿਦਿਆਰਥਣ) ਦਾ ਪ੍ਰਿੰਸੀਪਲ  ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ  ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਉਪਰੰਤ ਪ੍ਰਿੰਸੀਪਲ ਮੈਡਮ ਵੱਲੋਂ ਸਲਾਨਾ ਰਿਪੋਰਟ ਪੜ ਕਾਲਜ ਦੀਆਂ ਅਕਾਦਮਿਕ, ਸੱਭਿਆਚਾਰਕ, ਸਹਿ ਪਾਠਕ੍ਰਮ ਗਤੀਵਿਧੀਆਂ ਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਨੇ ਸੈਸ਼ਨ 2021-22 ਦੀ ਯੂਨੀਵਰਸਿਟੀ, ਘਰੇਲੂ ਅਤੇ ਆਮ ਪ੍ਰੀਖਿਆਵਾਂ ਵਿੱਚ ਪਹਿਲੇ, ਦੂਜੇ, ਤੀਜੇ ਸਥਾਨ  ਤੇ ਰਹਿਣ ਵਾਲੀਆਂ 363  ਵਿਦਿਆਰਥਣਾਂ ਨੂੰ (ਬੀਕਾਮ, ਬੀ ਐਸ ਸੀ,ਮੈਡੀਕਲ, ਨਾਨ ਮੈਡੀਕਲ, ਹੋਮ ਸਾਇਸ, ਸੀ ਐਨ ਡੀ, ਕੰਪਿਊਟਰ ਸਾਈਂਸ), ਬੀ.ਏ., ਪੀ.ਜੀ.ਡੀ.ਸੀ.ਏ., ਐਮ. ਏ (ਸੰਗੀਤ ਗਾਇਨ ਅਤੇ ਵਾਦਨ, ਅੰਗ੍ਰੇਜੀ ਅਤੇ ਭੂਗੋਲ) ਪੁਰਸਕਾਰ ਵੰਡੇ।  ਵਧੀਆ ਵਿਦਿਆਰਥਣ ਨਵਰੀਨ ਕੌਰ(ਯੂ. ਜੀ), ਤਨੁ (ਪੀ.ਜੀ.), ਵਧੀਆ ਬੁਲਾਰਾ ਮਨਪ੍ਰੀਤ ਕੌਰ,  ਵਧੀਆ ਖਿਡਾਰਨ ਕਿਰਨਦੀਪ ਕੌਰ ਨੂੰ ਅਤੇ ਕਾਲਜ ਦੀ ਵਧੀਆ ਵਿਦਿਆਰਥਣ ਕ੍ਰਿਤੀਕਾ ਯਾਦਵ ਨੂੰ ਘੋਸ਼ਿਤ ਕੀਤਾ ਗਿਆ।ਮੁੱਖ ਮਹਿਮਾਨ ਅਤੇ ਵਿਸ਼ੇਸ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ। ਸ੍ਰੀ ਸੂਦਨ ਨੇ ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਦੱਸਿਆ ਕਿ ਸਿੱਖਿਆ ਜੀਵਨ ਦੇ ਹਰ ਮਾਰਗ ’ਤੇ ਸਾਡਾ ਮਾਰਗ ਦਰਸ਼ਨ ਕਰਦੀ ਹੈ। ਉਹਨਾਂ ਕਿਹਾ ਕਿ ਪੜ ਲਿਖ ਕੇ ਅਸੀਂ ਆਪਣੇ ਭਵਿੱਖ ਨੂੰ ਰੋਸ਼ਨ ਕਰ ਸਕਦੇ ਹਾਂ ਅਤੇ ਵੱਡੇ ਵੱਡੇ ਮਾਰਕੇ ਮਾਰ ਸਕਦੇ ਹਾਂ,ਸਾਨੂੰ ਸਿੱਖਿਆ ਅਤੇ ਸਖ਼ਤ ਮਿਹਨਤ ਕਰਕੇ ਜੀਵਨ ਨੂੰ ਸਹੀ ਸੇਧ  ਦੇਣੀ ਚਾਹੀਦੀ ਹੈ। ਪ੍ਰਿੰਸੀਪਲ ਨੇ ਇਨਾਮ ਪ੍ਰਾਪਤ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਵਿਦਿਆਰਥਣਾਂ ਨੇ  ਸੱਭਿਆਚਾਰਕ ਪ੍ਰੋਗਰਾਮ ਦਾ ਪ੍ਰਦਰਸ਼ਨ ਕੀਤਾ।