- ਜ਼ਿਲ੍ਹਾ ਤਰਨ ਤਾਰਨ ਦੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਲੰਬਿਤ ਪਏ ਇੰਤਕਾਲਾਂ ਦੇ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਲਗਾਇਆ ਗਿਆ ਵਿਸ਼ੇਸ਼ ਕੈਂਪ
ਤਰਨ ਤਾਰਨ, 15 ਜਨਵਰੀ : ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਦੀ ਪਾਲਣਾ ਹਿੱਤ ਜ਼ਿਲ੍ਹਾ ਤਰਨ ਤਾਰਨ ਦੀਆਂ ਵੱਖ-ਵੱਖ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਇੰਤਕਾਲਾਂ ਦੇ ਮਾਮਲੇ ਜੋ ਕਿ ਲੰਮੇ ਸਮੇਂ ਤੋਂ ਲੰਬਿਤ ਪਏ ਸਨ, ਦਾ ਅੱਜ ਦੂਸਰਾ ਵਿਸੇਸ਼ ਕੈਂਪ ਲਗਾ ਕੇ ਨਿਪਟਾਰਾ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਦੱਸਿਆ ਕਿ ਅੱਜ ਦੇ ਵਿਸ਼ੇਸ ਕੈਂਪ ਦੌਰਾਨ ਜ਼ਿਲ੍ਹੁੇ ਦੀਆਂ ਤਹਿਸੀਲਾਂ ਤੇ ਸਬ-ਤਹਿਸੀਲਾਂ ਵਿੱਚ ਲੰਬਿਤ ਪਏ ਇੰਤਕਾਲਾਂ ਦੇ 812 ਮਾਮਲੇ ਪੇਸ਼ ਹੋਏ ਸਨ, ਜਿੰਨਾਂ੍ਹ ਵਿੱਚੋਂ 798 ਇੰਤਕਾਲਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਿਲੇ ਆਦੇਸ਼ਾਂ ਦੀ ਪਾਲਣਾ ਅਤੇ ਲੋਕਹਿੱਤ ਨੂੰ ਮੁੱਖ ਰੱਖਦੇ ਹੋਏ ਜਿਲ੍ਹੇ ਦੀਆਂ ਸਮੂਹ ਤਹਿਸੀਲਾਂ/ਸਬ-ਤਹਿਸੀਲਾਂ ਦੇ ਮਾਲ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਹ ਹਦਾਇਤ ਕੀਤੀ ਗਈ ਸੀ ਕਿ ਵਿਸ਼ੇਸ਼ ਕੈਂਪ ਲਗਾ ਕੇ ਆਪਣੇ-ਆਪਣੇ ਦਫਤਰਾਂ ਵਿੱਚ ਬੈਠ ਕੇ ਇਹਨਾਂ ਇੰਤਕਾਲਾਂ ਦਾ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਬਕਾਇਆ ਪਏ ਇੰਤਕਾਲਾਂ ਦਾ ਨਿਪਟਾਰਾ ਕਰਨ ਦੀ ਇਸ ਵਿਸ਼ੇਸ਼ ਮੁਹਿੰਮ ਨਾਲ ਉਨ੍ਹਾਂ ਲੋਕਾਂ ਨੂੰ ਬਹੁਤ ਲਾਭ ਪਹੁੰਚਿਆਂ ਹੈ, ਜਿੰਨ੍ਹਾਂ ਦੇ ਇੰਤਕਾਲ ਕਿਸੇ ਨਾ ਕਿਸੇ ਵਜ੍ਹਾ ਨਾਲ ਲੰਬਿਤ ਪਏ ਸਨ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਸਾਰੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਜਾਇਦਾਦਾਂ ਸਬੰਧੀ ਕੰਮ ਵਿਚ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਤੇ ਯੋਜਨਾਵਾਂ ਦਾ ਲਾਹਾ ਹਰ ਹੀਲੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਮੁਹੱਈਆ ਕਰਵਾਉਣ ਲਈ ਅਧਿਕਾਰੀਆਂ ਨੂੰ ਪਾਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਵਿਚ ਜੇਕਰ ਲੋਕਾਂ ਨੂੰ ਕੰਮ ਕਰਵਾਉਣ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਹੈਲਪਲਾਈਨ ਨੰਬਰ 8184900002 ਜਾਰੀ ਕੀਤਾ ਹੋਇਆ ਹੈ ਜਿਸ ‘ਤੇ ਲਿਖਤੀ ਸ਼ਿਕਾਇਤ ਵੱਟਸਐਪ ਕੀਤੀ ਜਾ ਸਕਦੀ ਹੈ।