ਸਫ਼ਲਤਾ ਦੀਆਂ ਸਿਖਰਾਂ ਛੂਹ ਗਿਆ ਜ਼ਿਲ੍ਹਾ ਭਾਸ਼ਾ ਦਫ਼ਤਰ, ਪਠਾਨਕੋਟ ਦਾ ਤ੍ਰੈ-ਭਾਸ਼ੀ ਕਵੀ ਦਰਬਾਰ

ਪਠਾਨਕੋਟ, 07 ਫਰਵਰੀ : ਮਾਣਯੋਗ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ, ਮਾਣਯੋਗ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ, ਪੰਜਾਬ ਸ. ਹਰਜੋਤ ਸਿੰਘ ਬੈਂਸ ਹੋਰਾਂ ਦੀ ਸਰਪ੍ਰਸਤੀ ਹੇਠ ਅਤੇ ਭਾਸ਼ਾ ਵਿਭਾਗ, ਪੰਜਾਬ ਦੀ ਅਗਵਾਈ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ, ਪਠਾਨਕੋਟ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਪਠਾਨਕੋਟ ਵਿੱਚ ਤ੍ਰੈ-ਭਾਸ਼ੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਉਰਦੂ, ਹਿੰਦੀ ਤੇ ਪੰਜਾਬੀ ਦੇ ਕਵੀਆਂ ਨੇ ਸ਼ਮੂਲੀਅਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਅਰਪਣਾ ਤੇ ਸ਼੍ਰੀ ਨਰੇਸ਼ ਨਿਰਗੁਣ (ਸੇਵਾਮੁਕਤ ਐੱਸ.ਈ ਰਣਜੀਤ ਸਾਗਰ ਡੈਮ) ਹੋਰਾਂ ਦੀ ਪ੍ਰਧਾਨਗੀ ਵਿੱਚ ਹੋਏ ਇਸ ਸਮਾਗਮ ਵਿੱਚ ਸ਼੍ਰੀ ਪਵਨ ਕੁਮਾਰ ਗੁਲਾਟੀ, ਜ਼ਿਲ੍ਹਾ ਮਾਲ ਅਫ਼ਸਰ ਤੇ ਸਹਾਇਕ ਕਮਿਸ਼ਨਰ (ਜਨਰਲ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜਗਤ ਪੰਜਾਬੀ ਸਭਾ, ਕੈਨੇਡਾ ਦੇ ਚੇਅਰਮੈਨ ਸ. ਅਜੈਬ ਸਿੰਘ ਚੱਠਾ ਹੋਰਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਫੁਲਕਾਰੀ ਤਾਣ ਕੇ ਨਿੱਘਾ ਸਵਾਗਤ ਕਰਦੇ ਹੋਏ ਮੁੱਖ ਮਹਿਮਾਨ ਹੋਰਾਂ ਨੂੰ ਸਮਾਰੋਹ ਹਾਲ ਵਿੱਚ ਲਿਜਾਇਆ ਗਿਆ ਤੇ ਆਏ ਹੋਏ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਪ੍ਰਧਾਨਗੀ ਕਰ ਰਹੀਆਂ ਸ਼ਖ਼ਸੀਅਤਾਂ ਨੂੰ ਬੂਟਾ ਪ੍ਰਸ਼ਾਦ ਦੇ ਕੇ ਸਵਾਗਤ ਕੀਤਾ ਗਿਆ। ਆਏ ਅਦੀਬਾਂ, ਸਾਹਿਤ ਪ੍ਰੇਮੀਆਂ ਤੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ  ਸ੍ਰੋਤਿਆਂ ਨੂੰ ਕਾਲਜ ਦੇ ਵਿਹੜੇ ਵਿੱਚ ਪਹੁੰਚਣ ‘ਤੇ ਕਾਲਜ ਪ੍ਰਿੰਸੀਪਲ ਵੱਲੋਂ ਸਵਾਗਤੀ ਬੋਲਾਂ ਨਾਲ ‘ਜੀ ਆਇਆਂ ਨੂੰ’ ਕਿਹਾ। ਉਰਦੂ, ਹਿੰਦੀ ਤੇ ਪੰਜਾਬੀ ਦੇ ਸ਼ਾਇਰ ਲੋਕਾਂ ਨੇ ਆਪਣੇ ਕਲਾਮ ਨਾਲ ਸਭ ਨੂੰ ਝੂਮਣ ਲਾ ਦਿੱਤਾ ਤੇ ਸ੍ਰੋਤੇ ਵਾਹ-ਵਾਹ ਕਰਦੇ ਤੇ ਤਾੜੀਆਂ ਮਾਰਦੇ ਨਜ਼ਰ ਆਏ। ਡਾ. ਅਸ਼ੋਕ ਹਸਤੀਰ, ਪੂਰਨ ਅਹਿਸਾਨ, ਧਿਆਨ ਸਿੰਘ ਸ਼ਾਹ ਸਿਕੰਦਰ, ਬੀ.ਆਰ.ਗੁਪਤਾ, ਡਾ. ਗੁਰਚਰਨ ਗਾਂਧੀ, ਗੋਪਾਲ ਸ਼ਰਮਾ ਫ਼ਿਰੋਜ਼ਪੁਰੀ, ਰਾਜ਼ ਗੁਰਦਾਸਪੁਰੀ, ਬਾਂਕਾ ਬਹਾਦਰ ਅਰੋੜਾ, ਰਾਕੇਸ਼ ਮਲਹੋਤਰਾ ਨੁਦਰਤ, ਵਿਜੇ ਸ਼ਰਮਾ, ਸੁਨੀਲ ਆਫ਼ਤਾਬ, ਦਵਿੰਦਰ ਅੱਤਰੀ, ਗੁਰਦੀਪ  ਸਫ਼ਰੀ, ਬਿਸ਼ੰਬਰ ਅਵਾਂਖੀਆ, ਵਿਜੇ ਕੁਮਾਰ, ਰਾਮ ਕਿਸ਼ੋਰ, ਰਮਨੀ ਸੁਜਾਨਪੁਰੀ, ਕਸ਼ਮਾ ਲਾਲ ਗੁਪਤਾ, ਜੁਗਲ ਕੁਮਾਰ ਪੰਗੋਤਰਾ, ਵਿਸ਼ਾਲ ਸ਼ਰਮਾ, ਫ਼ਕੀਰ ਚੰਦਾ, ਜਨਕ ਰਾਜ ਆਦਿ ਨੇ ਆਪਣੇ ਖੂਬਸੂਰਤ ਅਲਫ਼ਾਜ਼ਾਂ ਨਾਲ ਹਾਜ਼ਰੀ ਲਗਵਾਈ। ਮੁੱਖ ਮਹਿਮਾਨ ਸ਼੍ਰੀ ਪਵਨ ਕੁਮਾਰ ਗੁਲਾਟੀ ਹੋਰਾਂ ਨੇ ਭਾਸ਼ਾ ਵਿਭਾਗ ਦੇ ਇਸ ਖੂਬਸੂਰਤ ਸਮਾਗਮ ਲਈ ਵਧਾਈ ਦਿੱਤੀ ਤੇ ਇਸ ਤਰ੍ਹਾਂ ਦੇ ਕੀਤੇ  ਜਾ ਰਹੇ ਨਿਰੰਤਰ ਉਪਰਾਲਿਆਂ ਤੇ ਤਸੱਲੀ ਪ੍ਰਗਟ ਕੀਤੀ ਤੇ ਆਪਣਾ ਕਲਾਮ ਵੀ ਪੇਸ਼ ਕੀਤਾ। ਕੈਨੇਡਾ ਤੋਂ ਪਹੁੰਚੇ ਮਹਿਮਾਨ ਸ. ਅਜੈਬ ਸਿੰਘ ਚੱਠਾ ਹੋਰਾਂ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਕੀਤੇ ਜਾ ਰਹੇ ਪੰਜਾਬੀ ਭਾਸ਼ਾ ਪ੍ਰਤੀ ਕੰਮ ਬਹੁਤ ਸ਼ਲਾਘਾਯੋਗ ਭੂਮਿਕਾ ਨਿਭਾਅ ਰਿਹਾ ਹੈ। ਉਹਨਾਂ ਕੈਨੇਡਾ ਵਿੱਚ ਜਗਤ ਪੰਜਾਬੀ ਸਭਾ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਤੇ ਸੰਚਾਰ ਲਈ ਕੀਤੇ ਜਾ ਰਹੇ ਕੰਮਾਂ ‘ਤੇ ਵੀ ਰੋਸ਼ਨੀ ਪਾਈ। ਨਰੇਸ਼ ਨਿਰਗੁਣ ਹੋਰਾਂ ਕਿਹਾ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ, ਪਠਾਨਕੋਟ ਨੇ ਫਿਰ ਤੋਂ ਜ਼ਿਲ੍ਹੇ ਵਿੱਚ ਸਾਹਿਤਕ ਮਾਹੌਲ ਸਿਰਜ ਦਿੱਤਾ ਹੈ। ਜਿਸ ਸਦਕਾ ਕਾਵਿ ਮਹਿਫ਼ਲਾਂ ਸੱਜ ਰਹੀਆਂ ਹਨ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੁਰੇਸ਼ ਮਹਿਤਾ ਨੇ ਆਏ ਮਹਿਮਾਨਾਂ ਦਾ ਦਿੱਤੇ ਗਏ ਸਹਿਯੋਗ ਲਈ ਤੇ ਸਮਾਂ ਕੱਢ ਕੇ ਆਉਣ ਲਈ ਧੰਨਵਾਦ ਕੀਤਾ ਤੇ ਭਾਸ਼ਾ ਵਿਭਾਗ ਵੱਲੋਂ ਕੀਤੇ ਕੰਮਾਂ ਸੰਬੰਧੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਸਭ ਸਾਹਿਤਕਾਰਾਂ ਦਾ ਉਹ ਦਿਲੋਂ ਸਤਿਕਾਰ ਕਰਦੇ ਹਨ ਤੇ ਉਹ ਭਵਿੱਖ ਵਿੱਚ ਵੀ ਇਵੇਂ ਹੀ ਸਹਿਯੋਗ ਦਿੰਦੇ ਰਹਿਣ ਦੀ ਆਸ ਕਰਦੇ ਹਨ। ਮੰਚ ਸੰਚਾਲਨ ਡਾ. ਜਸਪ੍ਰੀਤ ਹੋਰਾਂ ਵੱਲੋਂ ਖ਼ੂਬਸੂਰਤ ਅੰਦਾਜ਼ ਵਿੱਚ ਕਰ ਕੇ ਖ਼ੂਬ ਵਾਹ-ਵਾਹ ਖੱਟੀ। ਖੋਜ ਅਫ਼ਸਰ ਰਾਜੇਸ਼ ਕੁਮਾਰ ਹੋਰਾਂ ਵੱਲੋਂ ਕੀਤਾ ਗਿਆ ਪ੍ਰਬੰਧ ਵੀ ਸਲਾਹੁਣਯੋਗ ਸੀ। ਪੰਜਾਬੀ ਵਿਭਾਗ ਦੇ ਸਟਾਫ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਹ ਸਮਾਰੋਹ ਸ਼ਾਮ ਤੱਕ ਚੱਲਿਆ ਤੇ ਸਨਮਾਨ ਸਮਾਰੋਹ ਦੀ ਰਸਮ ਉਪਰੰਤ ਸਮਾਪਤ ਹੋਇਆ।