ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਰਾਹੀਂ ਹੁਨਰਮੰਦ ਬਣਾ ਰਿਹਾ ਹੈ ਜ਼ਿਲ੍ਹੇ ਦਾ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ

  • ਵਜ਼ੀਫ਼ਾ ਸਕੀਮ ਤਹਿਤ ਵਿਦਿਆਰਥੀਆਂ ਨੂੰ ਫ਼ੀਸ ਵਿੱਚ ਦਿੱਤੀ ਜਾ ਰਹੀ ਹੈ ਭਾਰੀ ਛੋਟ 
  • ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿੱਚ ਡਿਪਲੋਮਾ ਕੋਰਸਾਂ ਲਈ ਚੱਲ ਰਿਹਾ ਹੈ ਦਾਖਲਾ 

ਗੁਰਦਾਸਪੁਰ, 9 ਅਗਸਤ 2024 : ਜ਼ਿਲ੍ਹਾ ਗੁਰਦਾਸਪੁਰ ਦੇ ਸਨਅਤੀ ਸ਼ਹਿਰ ਬਟਾਲਾ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਸਰਕਾਰੀ ਬਹੁਤਕਨੀਕੀ ਕਾਲਜ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਦੇਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਬਟਾਲਾ ਦੇ ਸਰਕਾਰੀ ਬਹੁਤਕਨੀਕੀ ਕਾਲਜ ਵਿੱਚ ਸਿਵਲ, ਮਕੈਨੀਕਲ, ਇਲੈਕਟ੍ਰੀਕਲ, ਈ.ਸੀ.ਈ. ਅਤੇ ਕੈਮੀਕਲ ਦੇ ਤਿੰਨ ਸਾਲਾ ਡਿਪਲੋਮਾ ਕੋਰਸ ਚੱਲ ਰਹੇ ਹਨ। ਸਾਲ 2023-24 ਲਈ ਦਾਖਲਾ ਚੱਲ ਰਿਹਾ ਹੈ। ਵਿਦਿਆਰਥੀਆਂ ਦੀ ਸਹੂਲਤ ਲਈ ਕਾਲਜ ਵਿਖੇ ਦਾਖਲਾ ਕਾਊਂਸਲਿੰਗ ਸੈੱਲ ਬਣਾਇਆ ਗਿਆ ਹੈ। ਦਾਖ਼ਲੇ ਦੀ ਦੂਜੀ ਕਾਊਂਸਲਿੰਗ ਲਈ ਰਜਿਸਟ੍ਰੇਸ਼ਨ ਜਾਰੀ ਹੈ। ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਪਿਛਲੇ ਸਮੇਂ ਉੱਤਰ ਭਾਰਤ ਵਿੱਚੋਂ ਬੈੱਸਟ ਪੋਲੀਟੈਕਨਿਕ ਅਵਾਰਡ ਵੀ ਪ੍ਰਾਪਤ ਕਰ ਚੁੱਕਾ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਮਕੈਨੀਕਲ, ਇਲੈਕਟ੍ਰੀਕਲ, ਸਿਵਲ, ਈ.ਸੀ.ਈ ਅਤੇ ਕੈਮੀਕਲ ਦੇ ਤਿੰਨ ਸਾਲਾ ਡਿਪਲੋਮਾ ਕੋਰਸ ਕਰਨਾ ਚਾਹੁੰਦੇ ਹਨ ਤਾਂ ਉਹ ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਵਿਖੇ ਦਾਖ਼ਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ  ਵਿਦਿਆਰਥੀਆਂ ਦੇ ਨੰਬਰਾਂ ਦੇ ਅਧਾਰ ਤੇ ਲਾਗੂ ਵਜ਼ੀਫ਼ਾ ਸਕੀਮ ਤਹਿਤ ਹੋਣਹਾਰ ਵਿਦਿਆਰਥੀਆਂ ਲਈ ਕਾਲਜ ਦੀਆਂ ਫ਼ੀਸਾਂ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ। ਇਸ ਸਕੀਮ ਅਧੀਨ ਦਸਵੀਂ ਸ਼੍ਰੇਣੀ ਵਿੱਚ 60 ਫ਼ੀਸਦੀ ਤੋਂ ਜ਼ਿਆਦਾ ਨੰਬਰ ਲੈਣ ਵਾਲੇ ਵਿਦਿਆਰਥੀ ਨੂੰ ਕੋਰਸ ਦੌਰਾਨ 70 ਫ਼ੀਸਦੀ ਟਿਊਸ਼ਨ ਫ਼ੀਸ ਮੁਆਫ਼ ਹੋਏਗੀ। ਇਸੇ ਤਰਾਂ ਫ਼ੀਸਦੀ ਤੋਂ ਜ਼ਿਆਦਾ ਨੰਬਰ ਲੈਣ ਵਾਲੇ ਨੂੰ 80 ਫ਼ੀਸਦੀ, 80 ਫ਼ੀਸਦੀ ਤੋਂ ਜ਼ਿਆਦਾ ਨੰਬਰ ਲੈਣ ਵਾਲੇ ਨੂੰ 90 ਫ਼ੀਸਦੀ ਅਤੇ 90 ਫ਼ੀਸਦੀ ਤੋਂ ਜ਼ਿਆਦਾ ਨੰਬਰ ਲੈਣ ਵਾਲੇ ਨੂੰ ਪੂਰੀ ਟਿਊਸ਼ਨ ਫ਼ੀਸ ਦੀ ਮੁਆਫ਼ੀ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਕਿਸੇ ਵੀ ਕੈਟਾਗਰੀ ਦਾ ਵਿਦਿਆਰਥੀ ਲੈ ਸਕਦਾ ਹੈ। ਇਸ ਸਕੀਮ ਤੋਂ ਇਲਾਵਾ ਇਹ ਵੀ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਜਿਨ੍ਹਾਂ ਦੀ ਸਲਾਨਾ ਪਰਿਵਾਰਕ ਆਮਦਨ 2.5 ਲੱਖ ਤੋਂ ਘੱਟ ਹੈ ਪਾਸੋਂ ਕੋਰਸ ਦੌਰਾਨ ਕੋਈ ਫ਼ੀਸ ਨਹੀਂ ਲਈ ਜਾਂਦੀ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਸਰਕਾਰੀ ਬਹੁ-ਤਕਨੀਕੀ ਕਾਲਜ ਵਿੱਚ ਵਧੀਆ ਪੜ੍ਹਾਈ ਦੇ ਨਾਲ ਪ੍ਰੈਕਟੀਕਲ ਟਰੇਨਿੰਗ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਪਲੇਸਮੈਂਟ ਸੈੱਲ ਵੱਲੋਂ ਹਰ ਸਾਲ ਰੁਜ਼ਗਾਰ ਮੇਲੇ ਲਗਾਏ ਜਾਂਦੇ ਹਨ, ਜਿਸ ਤਹਿਤ ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਲਈ ਨੈਸ਼ਨਲ ਅਤੇ ਮਲਟੀ-ਨੈਸ਼ਨਲ ਕੰਪਨੀਆਂ ਵਿੱਚ ਨੌਕਰੀਆਂ ਲੈਣ ਵਿੱਚ ਕਾਮਯਾਬ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਡਾ ਦੇਸ਼ ਤਕਨੀਕੀ ਵਿਕਾਸ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਹਰ ਇੱਕ ਉਦਯੋਗ ਨਵੀਆਂ ਤਕਨੀਕਾਂ ਅਤੇ ਉਪਕਰਨਾਂ ਨਾਲ ਉਤਪਾਦਨ ਕਰ ਰਿਹਾ ਹੈ ਜਿਸ ਕਰਕੇ ਕੁਸ਼ਲ ਕਾਮਿਆਂ ਦੀ ਲੋੜ ਦਿਨੋਂ ਦਿਨ ਵੱਧ ਰਹੀ ਹੈ, ਇਸ ਲੋੜ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਲਈ ਕਿੱਤਾ ਮੁਖੀ ਸਿਖਲਾਈ ਅਤੇ ਤਕਨੀਕੀ ਸਿੱਖਿਆ ਲੈਣਾ ਚੰਗੇ ਭਵਿੱਖ ਵੱਲ ਜਾਣ ਲਈ ਉੱਤਮ ਵਿਕਲਪ ਹੈ। ਉਨ੍ਹਾਂ ਕਿਹਾ ਕਿ ਡਿਪਲੋਮਾ ਕੋਰਸਾਂ ਵਿੱਚ ਦਾਖਲਾ ਲੈਣ ਲਈ ਕਾਲਜ ਦੇ ਪ੍ਰਿੰਸੀਪਲ ਨਾਲ ਰਾਬਤਾ ਕੀਤਾ ਜਾ ਸਕਦਾ ਹੈ।