ਡਿਪਟੀ ਕਮਿਸ਼ਨਰ ਨੇ ਭਲਾਈ ਯੋਜਨਾਵਾਂ ਦਾ ਲਾਭ ਲੜਕੀਆਂ ਤੱਕ ਪਹੁੰਚਾਉਣ ਦੀਆਂ ਹਦਾਇਤਾਂ ਦਿੱਤੀਆਂ

  • ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨਾਰੀ ਸ਼ਕਤੀਕਰਨ ਲਈ ਵਚਨਬੱਧ - ਡਿਪਟੀ ਕਮਿਸ਼ਨਰ
  • ਸੁਕੰਨਿਆ ਯੋਜਨਾ ਦੇ ਖਾਤੇ ਖੋਲ੍ਹਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ

ਗੁਰਦਾਸਪੁਰ, 23 ਜਨਵਰੀ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਲੜਕੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਲੜਕੀਆਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਲੜਕੀਆਂ ਇਨ੍ਹਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਬੀਤੀ ਸ਼ਾਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫ਼ਰੰਸ ਹਾਲ ਵਿਖੇ ਬੇਟੀ ਪੜਾਓ ਸਕੀਮ ਸਕੀਮ ਦਾ ਰੀਵਿਊ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਾਲਾਂਕਿ ਲੜਕੀਆਂ ਪ੍ਰਤੀ ਸਮਾਜ ਦੀ ਸੋਚ ਵਿੱਚ ਵੱਡਾ ਬਦਲਾਅ ਆਇਆ ਹੈ ਅਤੇ ਲੜਕੀਆਂ ਨੇ ਆਪਣੀ ਮਿਹਨਤ, ਕਾਬਲੀਅਤ ਅਤੇ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਹਰ ਖੇਤਰ ਵਿੱਚ ਵੱਡੇ ਮੁਕਾਮ ਹਾਸਲ ਕੀਤੇ ਹਨ ਪਰ ਫਿਰ ਵੀ ਜੋ ਥੋੜ੍ਹਾ-ਬਹੁਤ ਫ਼ਰਕ ਰਹਿ ਗਿਆ ਹੈ ਉਸ ਨੂੰ ਦੂਰ ਕਰਨ ਲਈ ਵੀ ਸਾਂਝੇ ਤੌਰ 'ਤੇ ਯਤਨ ਕੀਤੇ ਜਾਣੇ ਚਾਹੀਦੇ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਨਾਰੀ ਸ਼ਕਤੀਕਰਨ ਲਈ ਵਿਸ਼ੇਸ਼ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਗੁਰਦਾਸਪੁਰ ਵਿਖੇ ਨਾਰੀ ਸ਼ਕਤੀ ਕੇਂਦਰ ਦੀ ਸ਼ੁਰੂਆਤ ਕਰਕੇ ਓਥੇ ਲੜਕੀਆਂ ਲਈ ਮੁਫ਼ਤ ਕੋਚਿੰਗ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਇਲਾਵਾ ਨਾਰੀ ਸ਼ਕਤੀ ਕੇਂਦਰ ਵਿਖੇ ਲੜਕੀਆਂ ਲਈ ਮੁਫ਼ਤ ਡਰਾਈਵਿੰਗ ਕਲਾਸਾਂ ਵੀ ਚੱਲ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੀ ਜਿਹੜੀਆਂ ਲੜਕੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਉੱਚੇ ਮੁਕਾਮ ਹਾਸਲ ਕੀਤੇ ਹਨ ਉਨ੍ਹਾਂ ਦੀਆਂ ਤਸਵੀਰਾਂ ਤੇ ਪ੍ਰਾਪਤੀਆਂ ਦੇ ਵੇਰਵੇ ਤਸਵੀਰਾਂ ਦੇ ਰੂਪ ਵਿੱਚ ਕੰਧਾਂ ਉੱਪਰ ਬਣਾਏ ਜਾਣਗੇ ਤਾਂ ਜੋ ਹੋਰ ਲੜਕੀਆਂ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਜੀਵਨ ਵਿੱਚ ਅੱਗੇ ਵੱਧ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੜਕੀਆਂ ਨੂੰ ਸੈੱਲਫ਼ ਡਿਫੈਂਸ ਦੀ ਸਿਖਲਾਈ ਦੇਣ ਦਾ ਪ੍ਰੋਗਰਾਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੜਕੀਆਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਦੇ ਪ੍ਰੋਗਰਾਮ ਉੱਪਰ ਵੀ ਵਿਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫਰਵਰੀ ਮਹੀਨੇ ਦੇ ਪਹਿਲੇ ਹਫ਼ਤੇ ਲੜਕੀਆਂ ਦੇ ਗੀਤ, ਡਾਂਸ, ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਲੜਕੀਆਂ ਲਈ ਸੁਕੰਨਿਆ ਸਮਰਿਧੀ ਯੋਜਨਾ ਚਲਾਈ ਜਾ ਰਹੀ ਹੈ ਜਿਸ ਤਹਿਤ ਮਾਪਿਆਂ ਨੂੰ ਆਪਣੀਆਂ ਧੀਆਂ ਦੇ ਖਾਤੇ ਇਸ ਯੋਜਨਾ ਤਹਿਤ ਖੁਲ੍ਹਵਾ ਕੇ ਪੈਸੇ ਜਮਾਂ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਖਾਤੇ ਵਿੱਚ ਜਮਾਂ ਹੋਈ ਰਕਮ ਉੱਪਰ ਸਭ ਤੋਂ ਵੱਧ ਵਿਆਜ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸੁਕੰਨਿਆ ਯੋਜਨਾ ਦੇ ਖਾਤੇ ਖੋਲ੍ਹਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਗਰਭਵਤੀ ਮਹਿਲਾਵਾਂ ਲਈ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਚਲਾਈ ਜਾ ਰਹੀ ਹੈ ਜਿਸ ਤਹਿਤ ਔਰਤਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰ ਇਹ ਯਕੀਨੀ ਬਣਾਉਣ ਕਿ ਹਰ ਯੋਗ ਮਹਿਲਾ ਇਸ ਯੋਜਨਾ ਦਾ ਲਾਭ ਉਠਾਵੇ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਕੂਲਾਂ ਵਿੱਚ ਅਨੀਮੀਆ ਚੈੱਕਅਪ ਮੁਹਿੰਮ ਚਲਾਈ ਜਾਵੇ ਤਾਂ ਜੋ ਜਿਹੜੀਆਂ ਅਨੀਮੀਆ ਦੀਆਂ ਸ਼ਿਕਾਰ ਹਨ ਉਨ੍ਹਾਂ ਦਾ  ਇਲਾਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਲੜਕੀਆਂ ਨੂੰ 'ਗੁੱਡ ਟੱਚ, ਬੈਡ ਟੱਚ' ਬਾਰੇ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਸੀ.ਐੱਮ. ਦੀ ਯੋਗਸ਼ਾਲਾ ਤਹਿਤ ਲੜਕੀਆਂ ਲਈ ਵਿਸ਼ੇਸ਼ ਯੋਗਾ ਕਲਾਸਾਂ ਦੀ ਸ਼ੁਰੂਆਤ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਸੇਫ਼ ਸਕੂਲ ਵਾਹਨ ਪਾਲਿਸੀ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ ਅਤੇ ਸਕੂਲਾਂ ਦੀਆਂ ਬੱਸਾਂ ਦੀ ਰੈਗੂਲਰ ਚੈਕਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਜੁੜੇ ਇਸ ਮਸਲੇ ਉੱਪਰ ਕੋਈ ਢਿੱਲ-ਮੱਠ ਜਾਂ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੀਟਿੰਗ ਦੌਰਾਨ ਲੜਕੀਆਂ ਦੀ ਭਲਾਈ ਲਈ ਕਈ ਹੋਰ ਮੁੱਦੇ ਵੀ ਵਿਚਾਰੇ ਗਏ। ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ (ਜ) ਮੈਡਮ ਇਰਵਨ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ, ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ, ਜ਼ਿਲ੍ਹਾ ਸਿਹਤ ਤੇ ਪਰਿਵਾਰ ਭਲਾਈ ਅਫ਼ਸਰ ਡਾ. ਤਜਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮਮਤਾ ਸੇਠੀ ਖੁਰਾਣਾ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਪ੍ਰਸ਼ੋਤਮ ਸਿੰਘ, ਚਾਂਦ ਠਾਕੁਰ, ਰਾਜੀਵ ਸਿੰਘ ਸੈਕਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।