ਖੇਤੀਬਾੜੀ ਵਿਭਾਗ ਧਾਰੀਵਾਲ ਵਿਖੇ ਕਿਸਾਨਾਂ ਨੂੰ ਫਸਲ ਦੀ ਰਹਿੰਦ ਖੂੰਹਦ ਨਾ ਸਾੜਨ ਲਈ ਕੀਤਾ ਜਾਗਰੂਕ

ਗੁਰਦਾਸਪੁਰ, 16 ਸਤੰਬਰ 2024 : ਡਿਪਟੀ ਕਮਿਸ਼ਨਰ, ਸ੍ਰੀ ਉਮਾ ਸੰਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹੇ ਅੰਦਰ ਕਿਸਾਨਾਂ ਨੂੰ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਦੀ ਸਾਂਭ ਸੰਭਾਲ ਲਈ ਲੋੜੀਦੀ ਮਸ਼ੀਨਰੀ ਉਪਲੱਬਧ ਕਰਵਾਉਣ ਹਿੱਤ ਜਿਲ੍ਹੇ ਭਰ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਨਾਇਬ ਤਹਿਸੀਲਦਾਰ ਧਾਰੀਵਾਲ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਖੇਤੀਬਾੜੀ ਵਿਭਾਗ ਵਲੋਂ ਪਿੰਡ ਪੱਧਰ ਤੱਕ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸਦੇ ਚੱਲਦਿਆਂ ਬਲਾਕ ਧਾਰੀਵਾਲ ਵਿਖੇ ਸੀ. ਆਰ.ਐਮ ਆਈਈਸੀ ਸਕੀਮ ਅਧੀਨ ਝੋਨੇ ਦੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਬਿਨਾਂ ਅੱਗ ਲੱਗਾਏ ਖੇਤ ਵਿਚ ਵਾਹੁਣ ਅਤੇ ਈਕੀਵਾਈਸੀ ਸਬੰਧੀ ਜਾਗਰੂਤਾ ਕੈਂਪ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਨਾੜ ਨੂੰ ਅੱਗ ਲਗਾਉਣ ਦੇ ਨੁਕਸਾਨਾਂ ਅਤੇ ਅੱਗ ਲਗਾਏ ਬਗੈਰ ਫਸਲ ਬੀਜਣ ਦੇ ਲਾਭਾਂ ਬਾਰੇ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅਗਾਂਹਵਧੂ ਕਿਸਾਨ ਜਿਨ੍ਹਾਂ ਵਲੋਂ ਨਾੜ ਨੂੰ ਸਾੜੇ ਬਿਨਾਂ ਫਸਲ ਬੀਜੀ ਜਾ ਰਹੀ ਹੈ, ਉਨ੍ਹਾਂ ਵੀ ਆਪਣੇ ਸਫਲ ਤਜਰਬੇ ਸਾਰਿਆਂ ਨਾਲ ਸਾਂਝੇ ਕੀਤੇ ਗਏ।