ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ 300 ਹੈਕਟੇਅਰ ਰਕਬੇ ਵਿੱਚ ਮੱਕੀ ਦੀਆਂ ਲਗਾਈਆਂ ਜਾਣਗੀਆਂ ਕਲੱਸਟਰ ਪ੍ਰਦਰਸ਼ਨੀਆਂ-ਡਿਪਟੀ ਕਮਿਸ਼ਨਰ

  • ਮੱਕੀ ਦੀਆਂ ਹਾਈਬ੍ਰਿਡ ਕਿਸਮਾਂ ਦੇ ਬੀਜ ਸਬਸਿਡੀ ‘ਤੇ ਲੈਣ ਲਈ ਕਿਸਾਨ agrimachinerypb.com ਪੋਰਟਲ ‘ਤੇ ਕਰ ਸਕਦੇ ਹਨ ਅਪਲਾਈ

ਤਰਨ ਤਾਰਨ,  27 ਜੂਨ 2024 : ਡਿਪਟੀ ਕਮਿਸ਼ਨਰ ਤਰਨ ਤਾਰਨ ਸੀ੍ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ 300 ਹੈਕਟੇਅਰ ਰਕਬੇ ਵਿੱਚ ਮੱਕੀ ਦੀਆਂ ਕਲੱਸਟਰ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੱਕੀ ਦੇ ਪਲਾਟਾਂ ਦੀਆਂ ਪ੍ਰਦਰਸ਼ਨੀਆਂ ਲਈ 6000 ਰੁਪਏ ਪ੍ਰਤੀ ਹੈਕਟੇਅਰ ਦੀ ਦਰ ਨਾਲ ਕਿਸਾਨਾਂ ਨੂੰ ਮੱਕੀ ਦਾ ਬੀਜ ਅਤੇ ਹੋਰ ਇਨਪੁਟਸ ਜਿਵੇਂ ਕਿ ਖਾਦਾਂ, ਦਵਾਈਆਂ ਆਦਿ ਸਹਾਇਤਾ ਦੇ ਤੌਰ ‘ਤੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਮੱਕੀ ਦੀਆਂ ਹਾਈਬ੍ਰਿਡ ਕਿਸਮਾਂ ‘ਤੇ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਸਿਡੀ ‘ਤੇ ਬੀਜ ਕਿਸਾਨਾਂ ਨੂੰ ਡੀਬੀਟੀ ਰਾਹੀਂ ਉਪਲੱਬਧ ਕਰਵਾਏ ਜਾਣਗੇ। ਕਿਸਾਨ ਵੀਰ ਵੱਧ ਤੋਂ ਵੱਧ 5 ਏਕੜ ਜਾਂ 10 ਪੈਕੇਟ ਮੱਕੀ ਦੀਆਂ ਹਾਈਬ੍ਰਿਡ ਬੀਜ ਉੱਤੇ ਸਬਸਿਡੀ ਲੈ ਸਕਦਾ ਹੈ। ਇਹ ਸਬਸਿਡੀ ਪਹਿਲ ਦੇ ਆਧਾਰ ‘ਤੇ ਕਿਸਾਨਾਂ ਨੂੰ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਕਿਸਾਨ ਇਸ ਸਕੀਮ ਦਾ ਲਾਭ ਲੈਣ ਲਈ agrimachinerypb.com ਪੋਰਟਲ ‘ਤੇ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਕਿਸਾਨ ਵੀਰ ਏ. ਡੀ. ਓ., ਬਲਾਕ ਖੇਤੀਬਾੜੀ ਅਫਸਰ ਅਤੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦੇ ਹਨ।