ਮੁੱਖ ਸਕੱਤਰ ਪੰਜਾਬ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ

  • ਐਸਡੀਐਮ ਵਜੋਂ ਬਾਬਾ ਬਕਾਲਾ ਸਾਹਿਬ ਤੋਂ ਹੀ ਕੀਤੀ ਸੀ ਕੈਰੀਅਰ ਦੀ ਸ਼ੁਰੂਆਤ

ਬਾਬਾ ਬਕਾਲਾ ਸਾਹਿਬ, 02 ਜੁਲਾਈ : ਮੁੱਖ ਸਕੱਤਰ ਪੰਜਾਬ ਸ੍ਰੀ ਅਨੁਰਾਗ ਵਰਮਾ ਨੇ ਅੱਜ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਬੀਤੇ ਸਮੇਂ, ਜਦੋਂ ਉਹ ਬਤੌਰ ਐਸ ਡੀ ਐਮ ਬਾਬਾ ਬਕਾਲਾ ਸਾਹਿਬ ਵਿਖੇ ਤਾਇਨਾਤ ਰਹੇ ਦੇ ਦਿਨਾਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਉਹ ਇਸ ਉਪਰੰਤ ਪੁਰਾਣੇ ਐਸ ਡੀ ਐਮ ਦਫਤਰ, ਜਿੱਥੇ ਕਿ ਉਹ ਬਤੌਰ ਐਸ ਡੀ ਐਮ ਕੰਮ ਕਰਦੇ ਰਹੇ ਹਨ, ਵਿਚ ਵੀ ਗਏ। ਦੱਸਣਯੋਗ ਹੈ ਕਿ ਤਹਿਸੀਲ ਕੰਪਲੈਕਸ ਦੀ ਨਵੀਂ ਇਮਾਰਤ ਬਣਨ ਮਗਰੋਂ ਇਸ ਦਫਤਰ ਵਿੱਚ ਹੁਣ ਸੀ ਡੀ ਪੀ ਓ ਦਫਤਰ ਤਬਦੀਲ ਹੋ ਚੁੱਕਾ ਹੈ। ਸ੍ਰੀ ਵਰਮਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਬਾਬਾ ਬਕਾਲਾ ਸਾਹਿਬ ਦੀ ਧਰਤੀ ਉਤੇ ਸਿਰ ਝੁਕਾਉਂਦੇ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਅਸ਼ੀਰਵਾਦ ਲਿਆ। ਸ੍ਰੀ ਵਰਮਾ ਦੇ ਨਾਲ ਉਨ੍ਹਾਂ ਦੇ ਧਰਮਪਤਨੀ ਸ੍ਰੀਮਤੀ ਨਵਦੀਪ ਵਰਮਾ ਅਤੇ ਪੁੱਤਰ ਆਇਨ ਵਰਮਾ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਸਨ। ਜਿਲਾ ਪ੍ਸਾਸ਼ਨ ਵੱਲੋਂ  ਇਸ ਮੌਕੇ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ, ਐਸ ਐਸ ਪੀ ਸ੍ਰੀ ਸਤਿੰਦਰ ਸਿੰਘ, ਐਸ ਡੀ ਐਮ ਸ੍ ਸਿਮਰਦੀਪ ਸਿੰਘ,ਐਸ ਡੀ ਐਮ ਸ੍ਰੀ ਮਤੀ ਅਲਕਾ ਕਾਲੀਆ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਗੁਰਦੁਆਰਾ ਸਾਹਿਬ ਵਿਖੇ ਮੈਨੇਜਰ ਸ ਗੁਰਵਿੰਦਰ ਸਿੰਘ ਦੇਵੀਦਾਸਪੁਰ ਨੇ ਸ੍ਰੀ ਵਰਮਾ ਨੂੰ ਸਨਮਾਨਿਤ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਾਬਕਾ ਵਿਧਾਇਕ ਸ ਬਲਜੀਤ ਸਿੰਘ ਜਲਾਲਉਸਮਾ, ਡੀ ਐਸ ਪੀ ਸ੍ਰੀ ਹਰਿਕਿ੍ਸ਼ਨ ਸਿੰਘ ਵੀ ਹਾਜ਼ਰ ਸਨ।