ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਜਿਲ੍ਹਾ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦਾ ਕੀਤਾ ਦੌਰਾ

  • ਮਹਿਲਾ ਕੈਦੀਆਂ ਦੀਆਂ ਸੁਣੀਆਂ ਮੁਸ਼ਕਲਾਂ
  • ਅੰਡਰ ਟ੍ਰਾਇਲ ਕੇਸਾਂ ਸਬੰਧੀ ਕੇਂਦਰੀ ਜੇਲ੍ਹ ਤੋਂ ਮੰਗੀ ਰਿਪੋਰਟ
  • ਜੇਲ੍ਹ ਵਿੱਚ ਕੈਦੀ ਮਹਿਲਾਵਾਂ ਦੇ ਬੱਚਿਆਂ ਨੂੰ ਹਰੇਕ ਸਹੂਲਤ ਕਰਵਾਈ ਜਾਵੇ ਮੁਹੱਈਆ – ਚੇਅਰਮੈਨ ਬਾਲ ਕਮਿਸ਼ਨ

ਅੰਮ੍ਰਿਤਸਰ, 16 ਜੁਲਾਈ 2024 : ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਸ਼੍ਰੀਮਤੀ ਰਾਜ ਲਾਲੀ ਗਿੱਲ ਵੱਲੋਂ ਅੱਜ ਜਿਲ੍ਹੇ ਦੀ ਕੇਂਦਰੀ ਜੇਲ੍ਹ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ ਅਤੇ ਮਹਿਲਾ ਕੈਦੀਆਂ ਨੂੰ ਮਿਲਣ ਵਾਲੀ ਸਹੂਲਤਾਂ ਦਾ ਜਾਇਜਾ ਲੈਂਦੇ ਹੋਏ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਹਿਲਾ ਕੈਦੀਆਂ ਦਾ ਸਮੇਂ ਸਮੇਂ ਸਿਰ ਮੈਡੀਕਲ ਜਾਂਚ ਕਰਵਾਈ ਜਾਵੇ ਅਤੇ ਮਹਿਲਾ ਬੰਦੀਆਂ ਨੂੰ ਕਾਨੂੰਨੀ, ਡਾਕਟਰੀ ਤੇ ਸਿੱਖਿਆ ਆਦਿ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਅਤੇ ਮਿਲ ਰਹੀਆਂ ਸਹੂਲਤਾਂ ਦਾ ਨਿਰੀਖਣ ਕਰਕੇ ਉਨ੍ਹਾਂ ਨੂੰ ਬਿਹਤਰ ਕੀਤਾ ਜਾਵੇ। ਸ੍ਰੀਮਤੀ ਰਾਜ ਲਾਲੀ ਗਿੱਲ ਨੇ ਮਹਿਲਾ ਬੰਦੀਆਂ ਦੀਆਂ ਮੁਸ਼ਕਿਲਾਂ ਨੂੰ ਡੁੰਘਾਈ ਨਾਲ ਸੁਣਿਆ ਅਤੇ ਉਨਾਂ ਨੂੰ ਵਿਸ਼ਵਾਸ਼ ਦਵਾਇਆ ਕਿ ਤੁਹਾਡੀਆਂ ਜਾਇਜ਼ ਮੁਸ਼ਕਿਲਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇਗਾ। ਇਸ ਮੌਕੇ ਕੁਝ ਮਹਿਲਾ ਬੰਦੀਆਂ ਵਲੋਂ ਆਪਣੇ ਅੰਡਰ ਟ੍ਰਾਇਲ ਕੇਸਾਂ ਨੂੰ ਲੈ ਕੇ ਕਮਿਸ਼ਨ ਨੂੰ ਕਿਹਾ ਕਿ ਲੰਬੇ ਸਮੇਂ ਤੋਂ ਉਨਾਂ ਦੇ ਕੇਸਾਂ ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਚੇਅਰਪਰਸਨ ਮਹਿਲਾ ਕਮਿਸ਼ਨ ਨੇ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੰਬੇ ਸਮੇਂ ਤੋਂ ਅੰਡਰ ਟ੍ਰਾਇਲ ਚਲ ਰਹੇ ਕੇਸਾਂ ਦੀ ਰਿਪੋਰਟ ਦਿੱਤੀ ਜਾਵੇ ਤਾਂ ਜੋ ਉਨਾਂ ਕੇਸਾਂ ਤੇ ਸਮੇਂ ਬੱਧ ਢੰਗ ਨਾਲ ਕਾਰਵਾਈ ਕਰਵਾਈ ਜਾ ਸਕੇ। ਉਨਾਂ ਕਿਹਾ ਕਿ ਕਮਿਸ਼ਨ ਦਾ ਫਰਜ਼ ਬਣਦਾ ਹੈ ਕਿ ਤੁਹਾਡੀਆਂ ਮੁਸ਼ਕਿਲਾਂ ਨੂੰ ਸੁਣਿਆ ਜਾਵੇ ਅਤੇ ਤੁਹਾਨੂੰ ਪੇਸ਼ ਆ ਰਹੀ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ਉਤੇ ਹੱਲ ਕੀਤਾ ਜਾ ਸਕੇ। ਚੇਅਰਪਰਸਨ ਮਹਿਲਾ ਕਮਿਸ਼ਨ ਨੇ ਮਹਿਲਾ ਬੰਦੀਆਂ  ਵਲੋਂ ਤਿਆਰ ਕੀਤੇ ਗਏ ਉਤਪਾਦ ਵੀ ਦੇਖੇ ਅਤੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਮਹਿਲਾ ਬੰਦੀਆਂ ਵਲੋਂ ਤਿਆਰ ਕਰਵਾਏ ਗਏ ਸੂਟ, ਬੱਚਿਆਂ ਦੇ ਖਿਡੌਣੇ, ਟੈਡੀ ਬੀਅਰ ਆਦਿ ਬਾਜ਼ਾਰ ਵਿੱਚ ਵੇਚੇ ਜਾਂਦੇ ਹਨ। ਜਿਸ ਨਾਲ ਮਹਿਲਾ ਬੰਦੀਆਂ ਦੀ ਹੌਂਸਲਾ ਅਫ਼ਜਾਈ ਵੀ ਹੁੰਦੀ ਹੈ। ਸ੍ਰੀਮਤੀ ਰਾਜ ਲਾਲੀ ਗਿੱਲ ਨੇ ਮਹਿਲਾ ਬੰਦੀਆਂ ਦੇ ਬੱਚਿਆਂ ਨੂੰ ਗਿਫ਼ਟ ਵੀ ਵੰਡੇ।ਇਸ ਮੌਕੇ ਚੇਅਰਮੈਨ ਬਾਲ ਕਮਿਸ਼ਨ ਸ੍ਰੀ ਕੰਵਰਦੀਪ ਸਿੰਘ ਵਲੋਂ ਮਹਿਲਾ ਬੰਦੀਆਂ ਦੇ ਬੱਚਿਆਂ ਨੂੰ ਲੈ ਕੇ ਜੇਲ੍ਹ ਪ੍ਰਸਾਸਨ ਨੂੰ ਹਦਾਇਤ ਕੀਤੀ ਕਿ ਇਨਾਂ ਬੱਚਿਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇ। ਇਸ ਉਪਰੰਤ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਅਤੇ ਚੇਅਰਮੈਨ ਬਾਲ ਕਮਿਸ਼ਨ ਨੇ ਜੇਲ੍ਹ ਵਿਖੇ ਮੌਜੂਦ ਹਸਪਤਾਲ, ਰਸੋਈ, ਲਾਇਬ੍ਰੇਰੀ ਅਤੇ ਵੱਖ-ਵੱਖ ਬੈਰਕਾਂ ਦਾ ਦੌਰਾ ਕਰਕੇ ਉਨ੍ਹਾਂ ਦੀ ਸਮੀਖਿਆ ਕੀਤੀ ਅਤੇ ਲੰਗਰ ਹਾਲ ਵਿਚ ਕੈਦੀਆਂ ਲਈ ਬਣੇ ਹੋਏ ਭੋਜਨ ਨੂੰ ਖਾ ਕੇ ਉਸ ਦੀ ਸਮੀਖਿਆ ਵੀ ਕੀਤੀ ਅਤੇ ਸੰਤੁਸ਼ਟੀ ਪ੍ਰਗਟਾਈ। ਉਨਾਂ ਜੇਲ੍ਹ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਲ੍ਹ ਵਿਚ ਸਾਫ ਸਫਾਈ, ਭੋਜਨ ਦੇ ਪੁੱਖਤਾ ਪ੍ਰਬੰਧ ਪਾਏ ਗਏ  ਹਨ। ਉਨ੍ਹਾਂ ਕਿਹਾ ਕਿ ਕਈ ਮਹਿਲਾਵਾਂ ਨੇ ਆਪਣੀ ਨਿੱਜੀ ਸਮੱਸਿਆ ਨੂੰ ਦੱਸਿਆ ਜਿਸ ਨੂੰ ਯਕੀਨਨ ਤੌਰ ਉਤੇ ਹੱਲ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜੇਲ੍ਹ ਵਿਖੇ ਮੌਜੂਦ ਹਸਪਤਾਲ ਵਿਚ ਕੁਝ ਮਸ਼ੀਨਰੀਆਂ ਦੀ ਘਾਟ ਪਾਈ ਗਈ ਜਿਸ ਉਤੇ ਉਨ੍ਹਾਂ ਸਬੰਧਿਤ ਅਧਿਕਾਰੀ ਨੂੰ ਇਸ ਨੂੰ ਪੂਰਾ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਜੇਲ੍ਹ ਸੁਪਰਡੈਂਟ ਸ੍ਰੀ ਅਨੁਰਾਗ ਕੁਮਾਰ ਆਜ਼ਾਦ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਮਹਿਲਾ ਕੈਦੀਆਂ ਦੀ ਕੁੱਲ ਕੈਪੇਸਟੀ 260 ਹੈ ਅਤੇ ਇਸ ਵੇਲੇ ਜੇਲ੍ਹ ਅੰਦਰ 183 ਮਹਿਲਾ ਕੈਦੀ ਬੰਦੀ ਹਨ ਜਿਨ੍ਹਾਂ ਵਿਚੋਂ 22 ਮਹਿਲਾ ਕੈਦੀਆਂ ਨੂੰ ਸਜ੍ਹਾ ਹੋ ਚੁੱਕੀ ਹੈ ਅਤੇ 153 ਅੰਡਰ ਟ੍ਰਾਇਲ, 5 ਵਿਦੇਸ਼ੀ, 1 ਵਿਦੇਸ਼ੀ ਦੋਸ਼ੀ ਅਤੇ 2 ਵਿਦੇਸ਼ੀ ਅੰਡਰ ਟ੍ਰਾਇਲ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਲੇਡੀਜ਼ ਵਾਰਡ ਵਿੱਚ 8 ਬੱਚੇ ਵੀ ਮਹਿਲਾ ਬੰਦੀਆਂ ਦੇ ਹਨ। ਕੇਂਦਰੀ ਜੇਲ੍ਹ ਦਾ ਦੌਰਾ ਕਰਨ ਉਪਰੰਤ ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਸ਼੍ਰੀਮਤੀ ਰਾਜ ਲਾਲੀ ਗਿੱਲ ਅਤੇ ਚੇਅਰਮੈਨ ਬਾਲ ਕਮਿਸ਼ਨ ਸ੍ਰੀ ਕੰਵਰਦੀਪ ਸਿੰਘ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਡਿਪਟੀ ਸੁਪਰਡੈਂਟ ਸੁਰੱਖਿਆ ਜੀ.ਐਸ.ਬਰਾੜ, ਡਿਪਟੀ ਸੁਰਪਡੈਂਟ ਜੇਲ੍ਹ ਸ੍ਰੀ ਸ਼ਿਆਮਲ ਜੋਤੀ, ਡਿਪਟੀ ਡਾਇਰੈਕਟਰ ਰੁਪਿੰਦਰ ਕੌਰ, ਡਿਪਟੀ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਅਤੇ ਹੋਰ ਜੇਲ੍ਹ ਸਟਾਫ ਮੈਂਬਰ ਹਾਜ਼ਰ ਰਹੇ।