ਚੇਅਰਮੈਨ ਰਮਨ ਬਹਿਲ ਨੇ ਸ਼ੁਰੂ ਕਰਵਾਇਆ ਗੁਰਦਾਸਪੁਰ 'ਚੋਂ ਗੁਜ਼ਰਦੀ ਡਰੇਨ ਦੀ ਸਫ਼ਾਈ ਦਾ ਕੰਮ

  • ਸ਼ਹਿਰ ਵਾਸੀਆਂ ਵੱਲੋਂ ਨਾਲੇ ਦੀ ਸਫ਼ਾਈ ਲਈ ਚੇਅਰਮੈਨ ਰਮਨ ਬਹਿਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ

ਗੁਰਦਾਸਪੁਰ, 4 ਜੁਲਾਈ 2024 ; ਬਰਸਾਤੀ ਸੀਜ਼ਨ ਦੇ ਮੱਦੇਨਜ਼ਰ ਗੁਰਦਾਸਪੁਰ ਸ਼ਹਿਰ ਵਿਚ ਪਾਣੀ ਦੇ ਨਿਕਾਸ ਦੀ ਸਮੱਸਿਆ ਦੇ ਹੱਲ ਲਈ ਅੱਜ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਨਬੀਪੁਰ ਕੱਟ ਡਰੇਨ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਡਰੇਨਜ਼ ਵਿਭਾਗ ਦੇ ਐੱਸ.ਡੀ.ਓ. ਸ੍ਰੀ ਪਰਮਵੀਰ ਸਿੰਘ ਕਾਹਲੋਂ ਅਤੇ ਸ਼ਹਿਰ ਦੇ ਮੁਹਤਬਰ ਹਾਜ਼ਰ ਸਨ। ਅੱਜ ਤਿੱਬੜੀ ਰੋਡ ਸਥਿਤ ਗੁਰਦੁਆਰਾ ਬਾਬਾ ਟਹਿਲ ਸਿੰਘ ਨੇੜਿਉਂ ਗੁਜ਼ਰਦੀ ਉਕਤ ਡਰੇਨ ਵਿਚ ਸਫ਼ਾਈ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਸ ਨਾਲੇ ਦੀ ਸਫ਼ਾਈ ਹੋਣ ਨਾਲ ਗੁਰਦਾਸਪੁਰ ਸ਼ਹਿਰ ਵਿੱਚ ਬਰਸਾਤਾਂ ਦੇ ਦੌਰਾਨ ਪਾਣੀ ਦੇ ਨਿਕਾਸ ਦੀ ਕੋਈ ਸਮੱਸਿਆ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਪੋਕ ਲਾਈਨ ਮਸ਼ੀਨ ਨਾਲ ਅਗਲੇ 4-5 ਦਿਨਾਂ ਦੌਰਾਨ ਨਾਲੇ ਦੇ ਸ਼ਹਿਰ ਵਿਚਲੇ ਸਾਰੇ ਹਿੱਸੇ ਦੀ ਸਫ਼ਾਈ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਨਾਲੇ ਦੀ ਸਫ਼ਾਈ ਉੱਪਰ ਕਰੀਬ 10 ਲੱਖ ਰੁਪਏ ਦੀ ਲਾਗਤ ਆਵੇਗੀ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਇਸ ਨਾਲੇ ਦੀ ਸਫ਼ਾਈ ਨਹੀਂ ਹੁੰਦੀ ਸੀ ਜਿਸ ਕਾਰਨ ਬਰਸਾਤਾਂ ਦੌਰਾਨ ਲੋਕਾਂ ਨੂੰ ਪਾਣੀ ਦੀ ਨਿਕਾਸੀ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਸ ਨਾਲੇ ਦੇ ਨਾਲ-ਨਾਲ ਕਾਲੋਨੀਆਂ ਵਿੱਚ ਮਕਾਨ ਬਣ ਗਏ ਹਨ ਅਤੇ ਇਹ ਨਾਲਾ ਕੱਚਾ ਹੋਣ ਕਾਰਨ ਇਸ ਦਾ ਪਾਣੀ ਦਾ ਘਰਾਂ ਵਿੱਚ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਹੁਣ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਬਰਸਾਤੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਸ ਨਾਲੇ ਦੀ ਸਫ਼ਾਈ ਕਰਵਾਈ ਜਾ ਰਹੀ ਹੈ, ਜਿਸ ਕਾਰਨ ਬਰਸਾਤਾਂ ਵਿੱਚ ਪਾਣੀ ਦੀ ਨਿਕਾਸੀ ਦਾ ਕੋਈ ਮਸਲਾ ਸਾਹਮਣੇ ਨਹੀਂ ਆਉਂਦਾ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੰਭਾਵੀ ਹੜ੍ਹਾਂ ਦੇ ਖ਼ਤਰੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਨਾਲਿਆਂ ਅਤੇ ਡਰੇਨਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੁਰਾਣਾ ਸ਼ਾਲਾ ਨਜ਼ਦੀਕ ਬਿਆਸ ਦਰਿਆ ਦੀ ਧੁੱਸੀ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਸ਼ਹਿਰ ਵਾਸੀਆਂ ਨੇ ਇਸ ਨਾਲੇ ਦੀ ਸਫ਼ਾਈ ਕਰਵਾਉਣ ਲਈ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।