ਚੇਅਰਮੈਨ ਬਹਿਲ ਅਤੇ ਚੇਅਰਮੈਨ ਰਜੀਵ ਸ਼ਰਮਾਂ ਨੇ ਟਰੱਸਟ ਦੀ ਜਾਇਦਾਦ ਦੇ ਅਲਾਟੀਆਂ ਨੂੰ ਅਲਾਟਮੈਂਟ ਪੱਤਰ ਵੰਡੇ

  • ਨਗਰ ਸੁਧਾਰ ਟਰੱਸਟ, ਗੁਰਦਾਸਪੁਰ ਨੂੰ ਜਾਇਦਾਦ ਦੀ ਵਿੱਕਰੀ ਤੋਂ 80 ਕਰੋੜ ਰੁਪਏ ਦਾ ਫ਼ਾਇਦਾ ਹੋਇਆ - ਰਮਨ ਬਹਿਲ

ਗੁਰਦਾਸਪੁਰ, 6 ਅਗਸਤ 2024 : ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਨਗਰ ਸੁਧਾਰ ਟਰੱਸਟ, ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾਂ ਵੱਲੋਂ ਅੱਜ ਸਕੀਮ ਨੰਬਰ-7 ਦੀਆਂ 75 ਪ੍ਰਾਪਰਟੀਆਂ ਦੇ ਅਲਾਟਮੈਂਟ ਪੱਤਰ ਅਲਾਟੀਆਂ ਨੂੰ ਵੰਡੇ ਗਏ। ਨਗਰ ਸੁਧਾਰ ਟਰੱਸਟ, ਗੁਰਦਾਸਪੁਰ ਨੂੰ ਇਸ ਜਾਇਦਾਦ ਦੀ ਵਿੱਕਰੀ ਤੋਂ 80 ਕਰੋੜ ਰੁਪਏ ਦਾ ਫ਼ਾਇਦਾ ਹੋਇਆ ਹੈ। ਅਲਾਟੀਆਂ ਨੂੰ ਮੁਬਾਰਕਬਾਦ ਦਿੰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਅਲਾਟੀ ਨਿਯਮਾਂ ਅਨੁਸਾਰ ਹੁਣ ਆਪਣੀ ਪ੍ਰਾਪਰਟੀ ਉੱਪਰ ਨਿਯਮਾਂ ਅਨੁਸਾਰ ਉਸਾਰੀ ਕਰ ਸਕਦੇ ਹਨ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜਦੋਂ ਦੀ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਓਦੋਂ ਤੋਂ ਭ੍ਰਿਸ਼ਟਾਚਾਰ ਨੂੰ ਲਗਾਮ ਲੱਗੀ ਹੈ ਅਤੇ ਸਾਰੇ ਕੰਮ ਨਿਯਮਾਂ ਅਨੁਸਾਰ ਅਤੇ ਪਾਰਦਰਸ਼ੀ ਢੰਗ ਨਾਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋਂ ਪ੍ਰਾਪਰਟੀਆਂ ਦੀ ਅਲਾਟਮੈਂਟ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਯਮਾਂ ਅਨੁਸਾਰ ਕੀਤੀ ਗਈ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਪ੍ਰਾਪਰਟੀਆਂ ਦੀ ਅਲਾਟਮੈਂਟ ਤੋਂ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਨੂੰ 80 ਕਰੋੜ ਰੁਪਏ ਦੀ ਆਮਦਨ ਹੋਈ ਹੈ।  ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਟਰੱਸਟ ਦੀਆਂ ਜਾਇਦਾਦਾਂ ਦੀ ਨਿਲਾਮੀ ਵੇਲੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਸੀ ਅਤੇ ਆਪਣੇ ਚਹੇਤਿਆਂ ਨੂੰ ਨਿੱਜੀ ਫ਼ਾਇਦੇ ਦਿੱਤੇ ਜਾਂਦੇ ਸਨ, ਜਿਸ ਕਾਰਨ ਟਰੱਸਟ ਨੂੰ ਵਿੱਤੀ ਘਾਟਾ ਪੈਂਦਾ ਸੀ।  ਉਨ੍ਹਾਂ ਕਿਹਾ ਕਿ ਹੁਣ ਟਰੱਸਟ ਦੇ ਚੇਅਰਮੈਨ ਸ੍ਰੀ ਰਜੀਵ ਸ਼ਰਮਾਂ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ, ਜਿਸ ਨਾਲ ਟਰੱਸਟ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਟਰੱਸਟ ਦੀ ਆਮਦਨ ਵਧਾਉਣ ਅਤੇ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਲਈ ਚੇਅਰਮੈਨ ਸ੍ਰੀ ਰਜੀਵ ਸ਼ਰਮਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਨਗਰ ਸੁਧਾਰ ਟਰੱਸਟ, ਗੁਰਦਾਸਪੁਰ ਦੀ ਸਕੀਮ ਨੰਬਰ-7 ਦੀਆਂ ਪ੍ਰਾਪਰਟੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਜਿਸ ਤਹਿਤ ਟਰੱਸਟ ਨੂੰ 79 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ 4 ਅਰਜ਼ੀਆਂ ਤਕਨੀਕੀ ਕਾਰਨਾਂ ਕਰਕੇ ਰੱਦ ਹੋ ਗਈਆਂ ਸਨ ਜਦਕਿ 75 ਅਰਜ਼ੀਆਂ ਦੇਣ ਵਾਲੇ ਅਲਾਟੀ ਨਿਯਮਾਂ ਅਨੁਸਾਰ ਪ੍ਰਾਪਰਟੀ ਲੈਣ ਵਿੱਚ ਕਾਮਯਾਬ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਅਲਾਟੀਆਂ ਨੂੰ ਪ੍ਰਾਪਰਟੀ ਦੇ ਅਲਾਟਮੈਂਟ ਲੈਟਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅਲਾਟੀ ਜੇਕਰ ਇੱਕ ਮਹੀਨੇ ਵਿੱਚ ਪ੍ਰਾਪਰਟੀ ਦੀ ਸਾਰੀ ਅਦਾਇਗੀ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ 5 ਫ਼ੀਸਦੀ ਵਾਧੂ ਰਿਬੇਟ ਵੀ ਦਿੱਤੀ ਜਾਵੇਗੀ। ਚੇਅਰਮੈਨ ਸ੍ਰੀ ਰਾਜੀਵ ਸ਼ਰਮਾਂ ਨੇ ਦੱਸਿਆ ਕਿ ਟਰੱਸਟ ਵੱਲੋਂ ਸਕੀਮ ਨੰਬਰ 7 ਵਿੱਚ ਪਾਰਕਾਂ, ਪਾਰਕਿੰਗ ਤੋਂ ਇਲਾਵਾ ਸੜਕਾਂ, ਲਾਈਟਾਂ ਅਤੇ ਸੀਵਰੇਜ ਆਦਿ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।