ਕੈਬਨਿਟ ਮੰਤਰੀ ਨੇ ਸਰਹੱਦੀ ਬਲਾਕ ਦਾ ਦੌਰਾ ਕਰਕੇ ਚੱਲ ਰਹੇ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼

ਪਠਾਨਕੋਟ, 04 ਜਨਵਰੀ : ਸਰਹੱਦੀ ਖੇਤਰ ਦੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਸਰਹੱਦ ਤੇ ਵੱਸਦੇ ਇੰਨ੍ਹਾਂ ਪੱਛਡ਼ੇ ਪਿੰਡਾਂ ਨੂੰ ਮੁੱਢਲੀਆਂ ਲੋਡ਼ਾਂ ਮੁਹਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਸਰਹੱਦੀ ਬਲਾਕ ਨਰੋਟ ਜੈਮਲ ਸਿੰਘ ਵਿਖੇ ਪੈਂਦੇ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਉਣ ਅਤੇ ਹੋਰ ਸਮੱਸਿਆਵਾਂ ਉਪਰ ਵਿਚਾਰ ਚਰਚਾ ਕਰਨ ਲਈ ਬੁਲਾਈ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਹ ਮੀਟਿੰਗ ਬੀਡੀਪੀਓ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਕੀਤੀ ਗਈ ਅਤੇ ਇਸ ਵਿੱਚ ਤਲੂਰ, ਗੁਗਰਾਂ, ਸ਼ੇਖੂਪੁਰ ਮੰਝੀਰੀ, ਮੱਲਡ਼ਵਾਂ, ਕੋਹਲੀਆਂ, ਭਗਵਾਨਪੁਰ, ਘੇਰ, ਦਰਸ਼ੋਪੁਰ, ਰਕਵਾਲ ਆਦਿ ਪਿੰਡਾਂ ਦੇ ਆਗੂ ਅਤੇ ਹੋਰ ਅਧਿਕਾਰੀ ਸ਼ਾਮਲ ਸਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਤੇ ਪਿੰਡਾਂ ਦੇ ਸਰਪੰਚਾਂ ਨੂੰ ਇੰਨ੍ਹਾਂ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਇਕੱਲੇ-ਇਕੱਲੇ ਪਿੰਡ ਦੀਆਂ ਹੋਰ ਸਮੱਸਿਆਵਾਂ ਵੀ ਮੋਹਤਬਰਾਂ ਕੋਲੋਂ ਪੁੱਛੀਆਂ ਜਿੰਨ੍ਹਾਂ ਵਿੱਚ ਜ਼ਿਆਦਾਤਰ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਨਾਲ ਸਬੰਧਤ ਸਨ। ਮੰਤਰੀ ਨੇ ਅਧਿਕਾਰੀਆਂ ਨੂੰ ਇੰਨ੍ਹਾਂ ਸਮੱਸਿਆਵਾਂ ਬਾਰੇ ਖਾਕਾ ਤਿਆਰ ਕਰਨ ਲਈ ਨਿਰਦੇਸ਼ ਦਿੱਤੇ ਤਾਂ ਜੋ ਅਗਲੇ ਵਿੱਤੀ ਸਾਲ ਵਿੱਚ ਇੰਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹੋਰ ਫੰਡ ਦਿੱਤੇ ਜਾ ਸਕਣ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਬਲਾਕ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਰਵਾਇਤੀ ਪਾਰਟੀਆਂ ਵੱਲੋਂ ਪੱਛਡ਼ਿਆ ਰਿਹਾ ਹੈ ਪਰ ਉਹ ਇਸ ਤੋਂ ਪੱਛਡ਼ਾਪਣ ਦਾ ਧੱਬਾ ਲਾਹੁਣ ਲਈ ਯਤਨਸ਼ੀਲ ਹਨ ਅਤੇ ਭਰਪੂਰ ਕੋਸ਼ਿਸ਼ ਕਰ ਰਹੇ ਹਨ ਕਿ ਵੱਧ ਤੋਂ ਵੱਧ ਸਹੂਲਤਾਂ ਇਸ ਪੱਛਡ਼ੇ ਬਲਾਕ ਨੂੰ ਦਿੱਤੀਆਂ ਜਾਣ। ਬਾਅਦ ਵਿੱਚ ਮੰਤਰੀ ਆਪਣੇ ਇਸ ਦੌਰੇ ਦੌਰਾਨ ਭਗਤਪੁਰ, ਦਤਿਆਲ, ਅਖਵਾਡ਼ਾ, ਤਾਸ਼, ਤਲੂਰ ਅਤੇ ਧੋਬਡ਼ਾ ਪਿੰਡਾਂ ਵਿੱਚ ਵੱਖ-ਵੱਖ ਪਰਿਵਾਰਾਂ ਦੇ ਘਰਾਂ ਵਿੱਚ ਵੀ ਗਏ ਜਿੰਨ੍ਹਾਂ ਦੇ ਕੋਈ ਪਰਿਵਾਰਕ ਜੀਅ ਠੰਢ ਦੌਰਾਨ ਸਦੀਵੀ ਵਿਛੋਡ਼ਾ ਦੇ ਗਏ ਸਨ। ਮੰਤਰੀ ਨੇ ਇੰਨ੍ਹਾਂ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ। ਇਸ ਉਪਰੰਤ ਕੈਬਨਿਟ ਮੰਤਰੀ ਬੀਤੇ ਕੱਲ੍ਹ ਨਰੋਟ ਜੈਮਲ ਸਿੰਘ ਵਿਖੇ ਸ਼ਾਰਟ ਸਰਕਟ ਨਾਲ ਅੱਗ ਵਿੱਚ ਸਡ਼ ਕੇ ਸੁਆਹ ਹੋਈ ਇੱਕ ਆਟੋ ਵਰਕਸ ਦੀ ਦੁਕਾਨ ਤੇ ਵੀ ਗਏ ਅਤੇ ਉਥੇ ਦੁਕਾਨ ਦੇ ਮਾਲਕ ਅਰਪਣ ਸ਼ਰਮਾ ਨਾਲ ਹਮਦਰਦੀ ਪ੍ਰਗਟ ਕੀਤੀ।