ਸਿੱਖ ਲੜਕਿਆਂ ਦੀਆਂ ਦਸਤਾਰਾਂ ਉਤਾਰਨ ਤੇ ਕੁਟਮਾਰ ਕਰਨ ਦੀ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਸਖ਼ਤ ਨਿੰਦਾ ਕੀਤੀ

ਅੰਮ੍ਰਿਤਸਰ:- 14 ਮਈ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸਥਾਨਿਕ ਧਰਮ ਸਿੰਘ ਮਾਰਕੀਟ ਚੌਂਕ ਨਜ਼ਦੀਕ ਮਹਾਰਾਜਾ ਰਣਜੀਤ ਸਿੰਘ ਬੁੱਤ ਵਿਖੇ ਕੁੱਝ ਅਣਪਛਾਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਦੋ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਉਤਾਰਨ ਕੁਟਮਾਰ ਕਰਨ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਸਪੱਸ਼ਟ ਤੌਰ ਤੇ ਪੀੜਤ ਸਿੱਖ ਨੌਜਵਾਨ ਇਹ ਕਹਿ ਰਹੇ ਹਨ ਕਿ ਸਾਨੂੰ ਕਥਿਤ ਫੋਟੋਗ੍ਰਾਫਰ ਗੈਂਗ ਵੱਲੋਂ ਕੇਵਲ ਮਾਨਸਿਕ ਤੌਰ ਤੇ ਹਿਰਾਸਤ ਹੀ ਨਹੀਂ ਕੀਤਾ ਗਿਆ ਸਗੋਂ ਦਸਤਾਰ ਉਤਾਰ ਕੇ ਕੁਟਮਾਰ ਕਰਕੇ ਅਪਮਾਨਿਤ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਰਾਸਤੀ ਸਟਰੀਟ ਤੇ ਜੇ ਇਸੇ ਤਰ੍ਹਾਂ ਹੀ ਗੁੰਡਾ ਅਨਸਰਾਂ ਦਾ ਪਹਿਰਾ ਰਿਹਾ ਤਾਂ ਸ੍ਰੀ ਹਰਿਮੰਦਰ ਸਾਹਿਬ ਪੁੱਜਣ ਵਾਲੇ ਸਰਧਾਲੂਆਂ ਵਿੱਚ ਖੋਫ ਅਤੇ ਦਹਿਸ਼ਤ ਬਰਕਰਾਰ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਵੀਡੀਓ ਬਨਾਉਣ ਵਾਲਾ ਵਿਅਕਤੀ ਸਪੱਸ਼ਟ ਤੌਰ ਤੇ ਕਹਿ ਰਿਹਾ ਹੈ ਕਿ ਸ਼ਨੀਵਾਰ ਐਤਵਾਰ ਏਥੇ ਇਸ ਤਰ੍ਹਾਂ ਦੀ ਗੁੰਡਾਗਰਦੀ ਸ਼ਹਿਪੂਰਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਥਾਨਿਕ ਪੁਲਿਸ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਨਾਜੁਕ ਥਾਂ ਪੁਰ ਵਿਸ਼ੇਸ਼ ਤੌਰ ਤੇ ਪਹਿਰੇਦਾਰੀ ਲਈ ਸਥਾਨਕ ਪੁਲਿਸ ਨੂੰ ਹਦਾਇਤਾਂ ਕਰੇ ਤਾਂ ਜੋ ਅਜਿਹੀਆਂ ਦੁਖਦਾਇਕ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ।