ਬੀ.ਐੱਸ.ਐੱਫ. ਦੇ ਜਵਾਨਾਂ ਨੇ ਗੋਲੀਬਾਰੀ ਕਰਕੇ ਪਾਕਿਸਤਾਨੀ ਡਰੋਨ ਖਦੇੜਿਆ, ਚਾਰ ਪੈਕਟ ਹੈਰੋਇਨ ਜ਼ਬਤ

ਅੰਮ੍ਰਿਤਸਰ, 13 ਅਪ੍ਰੈਲ : ਪਾਕਿਸਤਾਨੀ ਸਮੱਗਲਰਾਂ ਨੇ ਫਿਰ ਡਰੋਨ ਨੂੰ ਭਾਰਤੀ ਸਰਹੱਦ ਵੱਲ ਭੇਜਿਆ, ਪਰ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੂੰ ਇਸ ਦੀ ਭਿਣਕ ਲੱਗ ਗਈ।ਜਵਾਨਾਂ ਵੱਲੋਂ ਕੀਤੀ ਗੋਲੀਬਾਰੀ ਤੋਂ ਬਾਅਦ ਡਰੋਨ ਵਾਪਸ ਪਰਤਣ ਵਿਚ ਕਾਮਯਾਬ ਹੋ ਗਿਆ। ਡਰੋਨ ਵੱਲੋਂ ਸੁੱਟੀ ਹੈਰੋਇਨ ਦੀ ਖੇਪ ਜ਼ਬਤ ਕਰ ਲਈ ਗਈ।ਬੀਐਸਐਫ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 12-13 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਫਿਰੋਜ਼ਪੁਰ ਸੈਕਟਰ ਵਿੱਚ ਡਰੋਨ ਦੀ ਹਲਚਲ ਦੇਖੀ ਗਈ। ਇਹ ਡਰੋਨ ਹਲਚਲ ਮਾਨਸਾ ਦੇ ਪਿੰਡ ਮਹਿਰਖੇਵਾ ਵਿੱਚ ਹੋਈ। ਡਰੋਨ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਡਰੋਨ ਵਾਪਸ ਪਰਤਣ ਵਿੱਚ ਕਾਮਯਾਬ ਹੋ ਗਿਆ। ਸਵੇਰੇ ਬੀਐਸਐਫ ਦੇ ਜਵਾਨਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬੀਐਸਐਫ ਨੇ ਕੌਮਾਂਤਰੀ ਸਰਹੱਦ ਨੇੜੇ ਖੇਤਾਂ ਵਿੱਚ ਦੋ ਵੱਡੇ ਪੈਕੇਟ ਬਰਾਮਦ ਕੀਤੇ। ਪੈਕਟਾਂ ਵਿਚ 4 ਛੋਟੇ-ਛੋਟੇ ਪੈਕਟ ਰੱਖੇ ਹੋਏ ਸਨ। ਸੁਰੱਖਿਆ ਜਾਂਚ ਤੋਂ ਬਾਅਦ ਜਦੋਂ ਪੈਕਟ ਖੋਲ੍ਹੇ ਗਏ ਤਾਂ ਹੈਰੋਇਨ ਨਿਕਲੀ, ਜਿਸ ਦਾ ਕੁੱਲ ਵਜ਼ਨ 4.560 ਕਿਲੋ ਸੀ।