ਬੁੱਢਾ ਦਲ ਦੀ ਛਾਉਣੀ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਜੱਸਾ ਸਿੰਘ ਰਾਮਗੜ੍ਹੀਆ ਦੀ ਜਨਮ ਸ਼ਤਾਬਦੀ ਸਬੰਧੀ ਸੱਦਾ ਪੱਤਰ ਭਾਈ ਰਾਮ ਸਿੰਘ ਦੇਣ ਪੁਜੇ

ਅੰਮ੍ਰਿਤਸਰ,  7 ਅਪ੍ਰੈਲ : ਸਿੱਖ ਪੰਥ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ ਦੀ ਤੀਸਰੀ ਸ਼ਤਾਬਦੀ ਮਨਾਉਣ ਸਬੰਧੀ ਸੱਦਾ ਪੱਤਰ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਨੂੰ ਦੇਣ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਪੁਜੇ ਅਤੇ ਉਨ੍ਹਾਂ ਦਾ ਸੱਦਾ ਪੱਤਰ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੂੰ ਸੌਂਪਿਆ। ਭਾਈ ਰਾਮ ਸਿੰਘ ਨੇ ਸ. ਦਿਲਜੀਤ ਸਿੰਘ ਬੇਦੀ ਨਾਲ ਸ਼ਤਾਬਦੀ ਪ੍ਰੋਗਰਾਮ ਸਬੰਧੀ ਵੇਰਵਾ ਸਾਂਝਾ ਕਰਦਿਆ ਕਿਹਾ ਅਸੀਂ ਚਾਹੁੰਦੇ ਹਾਂ ਕਿ ਨਿਹੰਗ ਸਿੰਘ ਦਲ ਪੰਥ ਵੱਧ ਚੜ੍ਹ ਕੇ ਇਸ ਸ਼ਤਾਬਦੀ ਸਮਾਗਮਾਂ ਵਿੱਚ ਸਮੂਲੀਅਤ ਕਰਨ। ਉਨ੍ਹਾਂ ਕਿਹਾ 16 ਅਪ੍ਰੈਲ ਨੂੰ ਖਾਲਸਾ ਫਤਿਹ ਮਾਰਚ ਹੋਵੇਗਾ। 17 ਅਪ੍ਰੈਲ ਨੂੰ ਕੀਰਤਨ ਦਰਬਾਰ ਅਤੇ 18 ਅਪ੍ਰੈਲ ਨੂੰ ਸ਼ਾਮ 4 ਵਜੇ ਖਾਲਸਾਈ ਖੇਡਾਂ ਡੀ. ਡੀ. ਏ ਗਰਾਉਂਡ ਵਿਚ ਹੋਣਗੀਆਂ ਜਿਸ ਵਿੱਚ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਧ ਚੜ੍ਹ ਕੇ ਸ਼ਾਮਲ ਹੋਣਗੀਆਂ ਅਤੇ ਘੋੜ ਦੋੜ ਅਤੇ ਗੱਤਕੇ ਦੇ ਜੰਗਜੂ ਜੌਹਰ ਵਿਖਾਉਣਗੀਆਂ ਅਤੇ 5 ਮਈ ਨੂੰ ਸ਼ਤਾਬਦੀ ਦਾ ਮੁੱਖ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਇਆ ਜਾਵੇਗਾ। ਭਾਈ ਰਾਮ ਸਿੰਘ ਨੂੰ ਬੁੱਢਾ ਦਲ ਦੇ ਸਕੱਤਰ ਨੇ ਕਿਹਾ ਕਿ ਤੁਹਾਡਾ ਸੱਦਾ ਪੱਤਰ ਮਿਲ ਗਿਆ ਹੈ ਧੰਨਵਾਦ, ਇਹ ਬਾਬਾ ਜੀ ਕੋਲ ਪੁਹੰਚਾ ਦਿੱਤਾ ਜਾਵੇਗਾ। ਇਸ ਸਮੇਂ ਛਾਉਣੀ ਦੇ ਦਫ਼ਤਰ ਵਿਖੇ ਭਾਈ ਰਾਮ ਸਿੰਘ ਨੂੰ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਅਤੇ ਬਾਬਾ ਭਗਤ ਸਿੰਘ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਮੋਮੈਂਟੋ ਅਤੇ ਸਿਰਪਾਓ ਨਾਲ ਸਨਮਾਨਤ ਕੀਤਾ।