- ਭਗਤ ਪੂਰਨ ਸਿੰਘ ਜੀ ਦੀ ਜੀਵਨੀ ਨੂੰ ਸਿਲੇਬਸ ਵਿਚ ਕੀਤਾ ਜਾਵੇਗਾ ਸ਼ਾਮਲ
- ਹਾਜ਼ਰ ਵਿਦਵਾਨਾਂ ਵਲੋਂ ਮਿੱਟੀ, ਪਾਣੀ ਅਤੇ ਹਵਾ ਬਚਾਉਣ ਦਾ ਸੱਦਾ
ਅੰਮ੍ਰਿਤਸਰ, 05 ਜੂਨ : ਪਿੰਗਲਵਾੜਾ ਦੇ ਬਾਣੀ ਭਗਤ ਪੂਰਨ ਸਿੰਘ ਦੇ 119ਵਾਂ ਜਨਮ ਦਿਹਾੜੇ ਸਬੰਧੀ ਕਰਵਾਏ ਸਮਾਗਮ ਮੌਕੇ ਬੋਲਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੋਬਲ ਪੁਰਸਕਾਰ ਦੇ ਅਸਲੀ ਹੱਕਦਾਰ ਹਨ ਅਤੇ ਕੇਦਰ ਸਰਕਾਰ ਨੂੰ ਗੁਜਾਜਿਸ਼ ਕਰਾਂਗੇ ਕਿ ਉਹ ਭਗਤ ਜੀ ਦਾ ਨਾਮ ਨੋਬਲ ਪੁਰਸਕਾਰ ਲਈ ਭੇਜੇ। ਉਨਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦੇ ਵਾਰਸ ਹੁੰਦੇ ਹੋਏ ਅਸੀ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਈਏ। ਉਨ੍ਹਾਂ ਕਿਹਾ ਕਿ ਅੱਜ ਭਗਤ ਕਬੀਰ ਜੀ ਦਾ ਵੀ ਜਨਮ ਦਿਹਾੜਾ ਹੈ ਮੈ ਉਨ੍ਹਾਂ ਦੇ ਅੱਗੇ ਵੀ ਨਤਮਸਤਕ ਹੁੰਦਾ ਹਾਂ,ਜਿੰਨ੍ਹਾਂ ਨੇ ਉਸ ਸਮੇ ਵੀ ਆਪਣੀ ਬਾਣੀ ਰਾਹੀ ਲੋਕਾਂ ਨੂੰ ਸੱਚ ਦਾ ਰਾਹ ਦਿਖਾਇਆ। ਸੰਧਵਾਂ ਨੇ ਕਿਹਾ ਕਿ ਜੋ ਕੰਮ ਭਗਤ ਪੂਰਨ ਸਿੰਘ ਨੇ ਕੀਤਾ ਹੈ, ਉਹ ਕੰਮ ਪਰਮਾਤਮਾ ਤੋ ਇਲਾਵਾ ਹੋਰ ਕੋਈ ਨਹੀ ਕਰ ਸਕਦਾ । ਉਨ੍ਹਾਂ ਕਿਹਾ ਕਿ ਬਿਨਾਂ ਨਿਰਸੁਆਰਥ ਲੋਕਾਂ ਦੀ ਸੇਵਾ ਕਰਨਾ ਹੀ ਭਗਤ ਜੀ ਦਾ ਮੁੱਖ ਉਦੇਸ਼ ਸੀ ਅਤੇ ਉਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਬੇਸਹਾਰਾ ਲੋਕਾਂ ਦੀ ਭਲਾਈ ਵਿਚ ਹੀ ਗੁਜ਼ਾਰ ਦਿੱਤੀ। ਸਪੀਕਰ ਪੰਜਾਬ ਵਿਧਾਨ ਸਭਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਸ: ਭਗਵੰਤ ਮਾਨ ਨੂੰ ਪੱਤਰ ਲਿਖਣਗੇ ਕਿ ਭਗਤ ਪੂਰਨ ਸਿੰਘ ਦੀ ਜੀਵਨੀ ਸਿਲੇਬਸ ਵਿਚ ਸ਼ਾਮਲ ਕੀਤੀ ਜਾਵੇ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਨੂੰ ਭਗਤ ਪੂਰਨ ਸਿੰਘ ਜੀ ਤੋ ਸੇਧ ਮਿਲ ਸਕੇ। ਸ: ਸੰਧਵਾ ਨੇ ਕਿਹਾ ਕਿ ਭਗਤ ਪੂਰਨ ਸਿੰਘ ਇਕ ਸੰਵੇਦਨਸ਼ੀਲ ਲੇਖਕ, ਵਾਤਾਵਰਣ ਪ੍ਰੇਮੀ ਅਤੇ ਪਰਉਪਕਾਰੀ ਪੁਰਸ਼ ਸਨ, ਜਿੰਨ੍ਹਾਂ ਨੇ ਜਵਾਨੀ ਵਿਚ ਹੀ ਆਪਣਾ ਜੀਵਨ ਮਾਨਵਤਾ ਦੇ ਲੇਖੇ ਲਾਉਣ ਦਾ ਫੈਸਲਾ ਕਰ ਲਿਆ ਸੀ ਅਤੇ ਆਪਣੀ ਸਾਰੀ ਜਿੰਦਗੀ ਬਿਮਾਰ, ਬੇਸਹਾਰਾ ਅਤੇ ਅਪਾਹਜ਼ ਲੋਕਾਂ ਦੀ ਸੇਵਾ ਨੂੰ ਸਮਰਪਿਤ ਇਸ ਘਰ ਪਿੰਗਲਵਾੜਾ ਦੀ ਸਥਾਪਨਾ ਕਰ ਕੇ ਕੀਤੀ। ਸਪੀਕਰ ਪੰਜਾਬ ਵਿਧਾਨ ਸਭਾ ਨੇ ਬੋਲਦਿਆਂ ਕਿਹਾ ਕਿ ਭਗਤ ਪੂਰਨ ਸਿੰਘ ਦੀ ਦੂਰਅੰਦੇਸ਼ੀ ਇਸ ਤੋ ਪਤਾ ਲਗਦੀ ਹੈ ਕਿ ਉਨ੍ਹਾਂ ਨੇ ਸਾਨੂੰ ਭਵਿੱਖ ਵਿਚ ਸਾਡੇ ਅੱਗੇ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਮਝਦਿਆਂ ਪ੍ਰਦੂਸਣ ਨੂੰ ਰੋਕਣ ਲਈ ਹੋਕਾ ਦੇਣਾ ਸ਼ੁਰੂ ਕਰ ਦਿੱਤਾ ਸੀ ਅਤੇ ਦੱਸ ਦਿੱਤਾ ਸੀ ਕਿ ਜੇਕਰ ਇੰਨ੍ਹਾਂ ਗੱਲਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸਾਡੇ ਭਵਿੱਖ ਵਿਚ ਕੀ ਹੋਣ ਵਾਲਾ ਹੈ ਬਾਰੇ ਵੀ ਜਾਗਰੂਕ ਕੀਤਾ ਸੀ। ਉਨ੍ਹਾਂ ਕਿਹਾ ਇਸ ਮਹਾਨ ਭਗਤ ਪੂਰਨ ਸਿੰਘ ਜੀ ਦਾ ਬੁੱਤ ਸ਼ਹਿਰ ਵਿਚ ਜ਼ਰੂਰ ਲੱਗਣਾ ਚਾਹੀਦਾ ਹੈ । ਉਨ੍ਹਾਂ ਪਿੰਗਲਾਵਾੜਾ ਸੁਸਾਇਟੀ ਨੂੰ ਕਿਹਾ ਕਿ ਉਹ ਜਿਥੇ ਬੁੱਤ ਲੱਗਣਾ ਹੈ ਦੇ ਖੇਤਰ ਦੀ ਪਛਾਣ ਕਰਨ ਅਤੇ ਮੈ ਆਪਣੇ ਕੋਲੋ ਭਗਤ ਪੂਰਨ ਸਿੰਘ ਜੀ ਦਾ ਬੁੱਤ ਲਗਾ ਕੇ ਦੇਵਾਂਗਾ। ਇਸ ਮੌਕੇ ਸ੍ਰ.ਸੰਧਵਾ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਕੀਤੀ ਕਿਤਾਬ ਕਿਸਾਨ ਜਨ ਅਦੋਲਨ ਜਾਰੀ ਕੀਤੀ ਗਈ। ਇਸ ਮੋਕੇ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਵਲੋ ਸ: ਸੰਧਵਾ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਸ਼੍ਰੀਮਤੀ ਜੀਵਨਜੋਤ ਕੌਰ ਨੇ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੇ ਸਾਰੀ ਉਮਰ ਨਿਰਸੁਆਰਥ ਢੰਗ ਨਾਲ ਲੋਕਾਂ ਦੀ ਸੇਵਾ ਕੀਤੀ ਅਤੇ ਵਾਤਾਵਰਣ ਨੂੰ ਬਚਾਉਣ ਲਈ ਹਮੇਸ਼ਾ ਅੱਗੇ ਰਹੇ। ਉਨਾਂ ਕਿਹਾ ਕਿ ਭਗਤ ਪੂਰਨ ਸਿੰਘ ਨੇ ਕਈ ਵਰ੍ਹੇ ਪਹਿਲਾਂ ਸਾਨੂੰ ਵਾਤਾਵਰਨ ਬਚਾਉਣ ਦਾ ਸੱਦਾ ਦੇ ਗਏ ਸਨ, ਪਰ ਅਸੀਂ ਉਸਨੂੂੰ ਗੰਭੀਰਤਾ ਨਾਲ ਨਹੀਂ ਲਿਆ। ਪਰ ਅੱਜ ਸਾਨੂੰ ਇਹ ਸੱਦਾ ਹਕੀਕਤ ਵਿੱਚ ਅਪਣਾਉਣ ਦੀ ਲੋੜ ਹੈ ਤਾਂ ਹੀ ਜੋ ਅਸੀਂ ਆਉਣ ਵਾਲੀ ਪੀੜ੍ਹੀਆਂ ਨੂੰ ਸੁਰੱਖਿਅਤ ਬਚਾ ਸਕਾਂਗਾੇ। ਉਨ੍ਹਾਂ ਕਿਹਾ ਕਿ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੁਨੀਆਂ ਦੀਆਂ ਮਹਾਨ ਸੰਸਥਾਵਾਂ ਵਿਚੋਂ ਇਕ ਹੈ ਅਤੇ ਇਨਾਂ ਵਲੋਂ ਵਾਤਾਵਰਨ ਨੂੰ ਬਚਾਉਣ ਲਈ ਲਗਾਈ ਜਾਗ ਅੱਜ ਦੀਵੇ ਬਣ ਕੇ ਲੋਅ ਦੇਣ ਲੱਗੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਵਿਦਵਾਨਾਂ ਵਲੋ ਵੀ ਆਪਣੇ ਵਾਤਾਵਰਣ, ਹਵਾ, ਪਾਣੀ ਅਤੇ ਮਿੱਟੀ ਨੂੰ ਬਚਾਉਣ ਦਾ ਹੋਕਾ ਦਿੱਤਾ ਗਿਆ। ਇਸ ਮੌਕੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਬੀਬੀ ਇੰਦਰਜੀਤ ਕੌਰ, ਐਸ ਡੀ ਐਮ ਅਜਨਾਲਾ ਸ: ਅਰਵਿੰਦਰ ਪਾਲ ਸਿੰਘ, ਸ਼੍ਰੀ ਸਤਪਾਲ ਸੋਖੀ, ਸ਼੍ਰੀ ਰਵਿੰਦਰ ਹੰਸ,ਪ੍ਰਿੰਸੀਪਲ ਖਾਲਸਾ ਕਾਲਜ ਡਾ: ਮਾਹਲ ਸਿੰਘ, ਸ: ਰਾਜਬੀਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ, ਸ: ਮੁਖਤਿਆਰ ਸਿੰਘ, ਡਾ: ਜਗਦੀਪਕ ਸਿੰਘ,ਸ: ਹਰਜੀਤ ਸਿੰਘ ਅਰੋੜਾ ਵੀ ਹਾਜ਼ਰ ਸਨ।