ਸਮਾਰਟ ਵਿਲੇਜ਼ ਅਧੀਨ ਕਰਵਾਏ ਗਏ ਕੰਮਾਂ ਲਈ ਭਕਨਾ ਕਲਾਂ ਦੀ ਪੰਚਾਇਤ ਰਹੀ ਅਵੱਲ

  • ਸਰਕਾਰ ਵਲੋਂ ਜਿਲ੍ਹੇ ਦੀਆਂ ਚਾਰ ਪੰਚਾਇਤਾਂ ਨੂੰ ਕੀਤਾ ਜਾਵੇਗਾ ਸਨਮਾਨਤ

ਅੰਮ੍ਰਿਤਸਰ 4 ਜਨਵਰੀ : ਪਿੰਡਾਂ ਵਿੱਚ ਪੰਚਾਇਤਾਂ ਵਲੋਂ ਕਰਵਾਏ ਜਾਂਦੇ ਕੰਮਾਂ ਨੂੰ ਹੋਰ ਵਧੀਆ ਕਰਨ ਲਈ ਸਰਕਾਰ ਵਲੋਂ ਇਨਾਂ ਪਿੰਡਾਂ ਦੀ ਪੰਚਾਇਤਾਂ ਨੂੰ ਸਨਮਾਨਤ ਕਰਨ ਦਾ ਜੋ ਉੱਦਮ ਕੀਤਾ ਗਿਆ ਹੈ ਉਸ ਅਨੁਸਾਰ ਜਿਲ੍ਹੇ ਦੀ ਭਕਨਾ ਕਲਾਂ ਪੰਚਾਇਤ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ ਜਿਸ ਨੂੰ ਛੇਤੀ ਹੀ ਸਰਕਾਰ ਵਲੋਂ ਸਨਮਾਨਤ ਕੀਤਾ ਜਾਵੇਗਾ। ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਸਮਾਰਟ ਵਿਲੇਜ਼ ਮੁਹਿੰਮ ਪੜਾਅ ਪਹਿਲਾ ਅਤੇ ਦੂਸਰਾ ਅਧੀਨ ਸਾਲ 2023-24 ਦੌਰਾਨ ਜਿਨਾਂ ਪੰਚਾਇਤਾਂ ਵਲੋਂ ਵਧੀਆ ਕੰਮ ਕੀਤਾ ਗਿਆ ਸੀ ਉਨਾਂ ਦੀ ਚੋਣ ਲਈ ਗਠਿਤ ਕੀਤੀ ਗਈ ਕਮੇਟੀ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਕਾਰਜ਼ਕਾਰੀ ਇੰਜੀਨੀਅਰ ਪੰਚਾਇਤਾਂ ਨੇ ਸਾਰੇ ਪਿੰਡਾਂ ਦੇ ਕੰਮ ਵੇਖ ਕੇ ਭਕਨਾਂ ਕਲਾਂ ਦੀ ਪੰਚਾਇਤ ਨੂੰ ਪਹਿਲਾ ਸਥਾਨ ਦਿੱਤਾ ਹੈ। ਉਨਾਂ ਦੱਸਿਆ ਕਿ ਇਸੇ ਤਰ੍ਹਾਂ ਤਰਸਿੱਕਾ ਬਲਾਕ ਦੇ ਪਿੰਡ ਸਰਜਾ ਦੀ ਪੰਚਾਇਤ ਨੂੰ ਦੂਸਰਾ, ਬਲਾਕ ਚੋਗਾਵਾਂ ਦੇ ਪਿੰਡ ਲੋਪੋਕੇ ਨੂੰ ਤੀਸਰਾ ਅਤੇ ਬਲਾਕ ਜੰਡਿਆਲਾ ਗੁਰੂ ਦੇ ਪਿੰਡ ਖਲੈਹਿਰਾ ਨੂੰ ਚੌਥਾ ਸਥਾਨ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਉਕਤ ਨਾਮ ਰਾਜ ਸਰਕਾਰ ਨੂੰ ਸਨਮਾਨ ਸੂਚੀ ਵਿੱਚ ਸ਼ਾਮਿਲ ਕਰਨ ਲਈ ਭੇਜ ਦਿੱਤੇ ਹਨ, ਇਨਾਂ ਨੂੰ ਛੇਤੀ ਹੀ ਰਾਜ ਪੱਧਰ ’ਤੇ ਸਨਮਾਨਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਉਕਤ ਚੋਣ ਵੇਲੇ ਪਿੰਡਾਂ ਵਿੱਚ ਪੰਚਾਇਤਾਂ ਵਲੋਂ ਕਰਵਾਏ ਗਏ ਕੰਮ ਜਿਨਾਂ ਵਿੱਚ ਪਾਣੀ ਦੇ ਨਿਕਾਸ ਲਈ ਥਾਪਰ ਮਾਡਲ ਛੱਪੜ, ਪਾਰਕਾਂ ਦੀ ਸਾਂਭ ਸੰਭਾਲ, ਪੀਣ ਵਾਲੇ ਪਾਣੀ ਦੀ ਸਪਲਾਈ, ਸ਼ਮਸ਼ਾਨ ਘਾਟਾਂ ਦਾ ਪ੍ਰਬੰਧ ਅਤੇ ਹੋਰ ਜਨਤੱਕ ਸਥਾਨਾਂ ’ਤੇ ਕਰਵਾਏ ਵਿਕਾਸ ਕਾਰਜਾਂ ਨੂੰ ਗੌਰ ਨਾਲ ਵੇਖਿਆ ਗਿਆ।