- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੜਕੀਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਸ਼ੁਰੂ ਕਰਨ ਦਾ ਫੈਸਲਾ
- ਚਾਹਵਾਨ ਲੜਕੀਆਂ ਆਨ-ਲਾਈਨ ਗੂਗਲ ਸ਼ੀਟ ਫਾਰਮ ਭਰ ਸਕਦੀਆਂ ਹਨ ਜਾਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਸੰਪਰਕ ਕਰਨ
ਗੁਰਦਾਸਪੁਰ, 29 ਜਨਵਰੀ : ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 'ਬੇਟੀ ਬਚਾਓ, ਬੇਟੀ ਪੜ੍ਹਾਓ, ਸਕੀਮ ਦੇ ਤਹਿਤ ਔਰਤਾਂ ਲਈ ਸਸ਼ਕਤੀਕਰਨ ਲਈ ਇੱਕ ਮਹੱਤਵਪੂਰਨ ਪਹਿਲ-ਕਦਮੀ ਕਰਦਿਆਂ ਲੜਕੀਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀਆਂ ਲਈ ਸਿੱਖਿਆ ਅਤੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਇਹ ਵਿਲੱਖਣ ਮੌਕਾ ਕਿਸੇ ਵੀ ਸਟਰੀਮ ਵਿੱਚ ਘੱਟੋ-ਘੱਟ ਗਰੈਜੂਏਸ਼ਨ ਪੱਧਰ ਦੀ ਵਿੱਦਿਅਕ ਯੋਗਤਾ ਪੂਰੀਆਂ ਕਰਦੀਆਂ ਕੇਵਲ ਲੜਕੀਆਂ (ਬਿਨੈਕਾਰਾਂ) ਤੋਂ ਨਾਮਜ਼ਦਗੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਗ ਲੈਣ ਲਈ, ਦਿਲਚਸਪੀ ਰੱਖਣ ਵਾਲੇ ਉਮੀਦਵਾਰ ਦਿੱਤੇ ਗਏ ਗੂਗਲ ਫਾਰਮ ਦੇ ਲਿੰਕ https://docs.google.com/.../1FAIpQLSf4eyDgZBT.../viewform... ਅਤੇ ਇਸ ਗੂਗਲ ਫਾਰਮ ਦਾ ਲਿੰਕ ਜ਼ਿਲ੍ਹਾ ਗੁਰਦਾਸਪੁਰ ਦੀ ਵੈੱਬ-ਸਾਈਟ gurdaspur.nic.in 'ਤੇ ਵੀ ਉਪਲਬਧ ਹੈ, ਰਾਹੀਂ ਉਮੀਦਵਾਰ ਆਪਣੀ ਰਜਿਸਟਰੇਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਯੋਗ ਉਮੀਦਵਾਰਾਂ ਨੂੰ ਸਕਰੀਨਿੰਗ ਉਪਰੰਤ ਸ਼ਾਰਟ ਲਿਸਟ ਕੀਤਾ ਜਾਵੇਗਾ ਅਤੇ ਚੁਣੀਆਂ ਗਈਆਂ ਲੜਕੀਆਂ ਨੂੰ ਤਜਰਬੇਕਾਰ ਕੋਚਿੰਗ ਸੰਸਥਾਵਾਂ ਦੁਆਰਾ ਕੋਚਿੰਗ ਦੀ ਮੁਫ਼ਤ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ, ਤਾਂ ਜੋ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਹੋ ਸਕਣ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਇਹਨਾਂ ਕੋਚਿੰਗ ਕਲਾਸਾਂ ਵਿੱਚ ਪੰਜਾਬ ਸਰਕਾਰ ਦੇ ਹਰ ਤਰ੍ਹਾਂ ਦੇ ਗਰੈਜੂਏਸ਼ਨ ਲੈਵਲ ਦੀਆਂ ਵੱਖ-ਵੱਖ ਨੌਕਰੀਆਂ ਲਈ ਮੁਕਾਬਲਾ ਪ੍ਰੀਖਿਆਵਾਂ (Competitive Exams) ਜਿਵੇਂ ਕਿ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਗਰੁੱਪ ਸੀ/ਬੈਂਕਿੰਗ/ਰੇਲਵੇ ਦੀ ਭਰਤੀ ਸੰਬੰਧੀ/ਪੰਜਾਬ ਪੁਲਿਸ ਦੀ ਭਰਤੀ ਸੰਬੰਧੀ/ਐੱਸ.ਐੱਸ.ਸੀ ਨਾਲ ਸੰਬੰਧਿਤ ਸਮੂਹ ਕਲੈਰੀਕਲ ਪੇਪਰ ਦੀ ਤਿਆਰੀ ਕਰਵਾਈ ਜਾਵੇਗੀ। ਇਹਨਾਂ ਪ੍ਰੀਖਿਆਵਾਂ ਲਈ ਸਮੇਂ-ਸਮੇਂ 'ਤੇ ਜਾਰੀ ਹੋਣ ਵਾਲੀਆਂ ਸੰਬੰਧਿਤ ਵਿਭਾਗ/ਬੋਰਡ ਦੇ ਭਰਤੀ ਨਿਯਮਾਂ ਅਤੇ ਹਦਾਇਤਾਂ ਅਨੁਸਾਰ ਹੀ ਉਮਰ ਹੱਦ ਅਤੇ ਵਿੱਦਿਅਕ ਯੋਗਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਚਿੰਗ ਲਈ ਸ਼ਾਰਟ ਲਿਸਟ ਹੋਣ ਵਾਲੇ ਉਮੀਦਵਾਰਾਂ ਦੀ ਅੰਤਿਮ ਸੂਚੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਨਿੱਜੀ ਤੌਰ 'ਤੇ ਕਮਰਾ ਨੰਬਰ 217, ਪਹਿਲੀ ਮੰਜ਼ਿਲ, ਬਲਾਕ-ਬੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਦਫ਼ਤਰ ਜ਼ਿਲ੍ਹਾ ਰੋਜ਼ਗਾਰ ਬਿਊਰੋ, ਗੁਰਦਾਸਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।