ਅੰਮ੍ਰਿਤਸਰ ਵਿਰਾਸਤੀ ਮਾਰਗ ਤੇ ਭੁੱਖ ਹੜਤਾਲ 'ਤੇ ਬੈਠੀ ਅੰਮ੍ਰਿਤਪਾਲ ਦੀ ਮਾਂ, ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕਰਨ ਦੀ ਮੰਗ

ਅੰਮ੍ਰਿਤਸਰ, 22 ਫਰਵਰੀ : ਅੱਜ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਵੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਦਾ ਐਲਾਨ ਕੀਤਾ ਹੈ। ਉਸ ਦੇ ਮਾਤਾ-ਪਿਤਾ ਅਤੇ ਸਿੱਖ ਕੈਦੀਆਂ ਦਾ ਇੱਕ ਸਮੂਹ ਅਗਲੀ ਰਣਨੀਤੀ ਉਲੀਕਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰ ਹੋਇਆ ਸੀ। ਜਿੱਥੇ ਅੰਮ੍ਰਿਤਪਾਲ ਦੀ ਮਾਤਾ ਨੇ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ। ਅੰਮ੍ਰਿਤਪਾਲ ਦੀ ਮਾਤਾ ਨੂੰ ਮਿਲਣ ਲਈ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੀ ਪਹੁੰਚੇ ਹਨ। ਉਹ ਡੀਸੀ ਅੰਮ੍ਰਿਤਸਰ ਨੂੰ ਮਿਲਣ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਹੋਰ ਜਾਣਕਾਰੀ ਦੇਣਗੇ। ਅੰਮ੍ਰਿਤਪਾਲ ਦੀ ਮਾਤਾ ਨੇ ਕਿਹਾ ਕਿ ਜਿੰਨਾ ਚਿਰ ਅੰਮ੍ਰਿਤਪਾਲ ਭੁੱਖ ਹੜਤਾਲ ਤੇ ਰਹੇਗਾ ਉਨੀ ਦੇਰ ਉਹ ਵੀ ਭੁੱਖ ਹੜਤਾਲ ’ਤੇ ਰਹੇਗਾ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਬੀਤੇ ਦਿਨੀਂ ਅੰਮ੍ਰਿਤਲਾਲ ਦੇ ਮਾਪਿਆਂ ਵੱਲੋਂ ਡੀਸੀ ਘਨਸ਼ਿਆਮ ਥੋਰੀ ਨੂੰ ਵੀ ਮਿਲਿਆ ਸੀ ਪਰ ਕੋਈ ਹੱਲ ਨਾ ਨਿਕਲਿਆ। ਇਸ ਇਕੱਠ ਵਿੱਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਚੜ੍ਹਤ ਸਿੰਘ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਭਾਈ ਗੁਰਬਚਨ ਸਿੰਘ ਗਰੇਵਾਲ, ਬਲਵੰਤ ਸਿੰਘ ਗੋਪਾਲਾ, ਉਪਕਾਰ ਸਿੰਘ ਸੰਧੂ ਅਤੇ ਹਰਪਾਲ ਸਿੰਘ ਬਲੇਰ ਤੋਂ ਇਲਾਵਾ ਅੰਮ੍ਰਿਤਪਾਲ ਸਮੇਤ ਜੇਲ੍ਹ ਵਿੱਚ ਬੰਦ ਨੌਜਵਾਨਾਂ ਦੇ ਮਾਪੇ ਵੀ ਸ਼ਾਮਲ ਹੋਏ। ਇੱਥੇ ਉਸ ਦੀ ਮਾਂ ਨੇ ਵੀ ਮੰਗਾਂ ਪੂਰੀਆਂ ਹੋਣ ਤੱਕ ਭੁੱਖੇ ਰਹਿਣ ਦਾ ਐਲਾਨ ਕੀਤਾ ਹੈ।