ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਅਗਨੀਵੀਰ ਭਰਤੀ ਸਬੰਧੀ ਸੈਮੀਨਾਰ ਕਰਵਾਇਆ

ਬਟਾਲਾ, 23 ਫਰਵਰੀ : ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਪ੍ਰਿੰਸੀਪਲ ਰਾਜਦੀਪ ਸਿੰਘ ਬੱਲ ਦੀ ਅਗਵਾਈ ਅਤੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਦੀ ਦੇਖ ਰੇਖ ਹੇਠ ਅਗਨੀਵੀਰ ਭਰਤੀ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਅੰਮ੍ਰਿਤਸਰ ਸਥਿੱਤ ਸੈਨਾ ਭਰਤੀ ਬੋਰਡ ਦੇ ਡਾਇਰੈਕਟਰ ਕਰਨਲ ਚੇਤਨ ਪਾਂਡੇ ਵਿਸ਼ੇਸ਼ ਤੌਰ ਤੇ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪਲੇਸਮੈਂਟ ਅਫਸਰ ਜਸਬੀਰ ਸਿੰਘ ਨੇ ਕਰਨਲ ਚੇਤਨ ਪਾਂਡੇ ਦਾ ਜੀ ਆਇਆਂ ਕੀਤਾ ਅਤੇ ਆਸ ਜਤਾਈ ਕਿ ਇਹ ਸੈਸ਼ਨ ਵਿਦਿਆਰਥੀਆਂ ਲਈ ਲਾਭਕਾਰੀ ਸਿੱਧ ਹੋਏਗਾ। ਉਨ੍ਹਾਂ ਕਿਹਾ ਕਿ ਅਗਨੀਵੀਰ ਭਰਤੀ ਰਾਹੀਂ ਨੌਜਵਾਨ ਦੇਸ਼ ਸੇਵਾ ਦੇ ਨਾਲ ਨਾਲ ਆਪਣਾ ਭਵਿੱਖ ਵੀ ਸੁਨਿਹਰਾ ਬਣਾ ਸਕਦੇ ਹਨ। ਕਰਨਲ ਚੇਤਨ ਪਾਂਡੇ ਨੇ ਅਗਨੀਵੀਰ ਭਰਤੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਰਤੀ ਸਾਲ 2024-25 ਦੇ ਲਈ ਅਗਨੀਵੀਰ ਦੀ ਭਰਤੀ ਦੋ ਪੜ੍ਹਾਵਾਂ ਵਿੱਚ ਕੀਤੀ ਜਾਵੇਗੀ। ਪਹਿਲੇ ਪੜਾਅ ਤਹਿਤ ਆਨ-ਲਾਈਨ ਕੰਪਿਊਟਰ ਅਧਾਰਿਤ ਲਿਖਤੀ ਪ੍ਰੀਖਿਆ (ਆਨਲਾਈਨ ਸੀ.ਈ.ਈ.) ਅਤੇ ਦੂਜੇ ਪੜਾਅ ਵਿੱਚ ਸਰੀਰਕ ਪ੍ਰੀਖਿਆ ਹੋਵੇਗੀ। ਭਰਤੀ ਦੇ ਚਾਹਵਾਨ ਉਮੀਦਵਾਰ ਦੇ ਲਈ ਆਪਣਾ ਨਾਮ ਵੈੱਬਸਾਈਟ `ਤੇ ਰਜਿਸਟਰ ਕਰਨਾ ਲਾਜ਼ਮੀ ਹੈ। ਕਰਨਲ ਚੇਤਨ ਪਾਂਡੇ ਨੇ ਦੱਸਿਆ ਕਿ ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਜਿਲ੍ਹੇ ਦੇ ਜਿਨ੍ਹਾਂ ਨੌਜਵਾਨਾਂ ਦੀ ਉਮਰ 17 ਸਾਲ 6 ਮਹੀਨੇ ਤੋਂ 21 ਸਾਲ ਦੇ ਦਰਮਿਆਨ ਹੈ ਅਤੇ ਉਨ੍ਹਾਂ ਨੇ 8ਵੀਂ, 10ਵੀਂ ਜਾਂ 12ਵੀਂ ਪ੍ਰੀਖਿਆ ਪਾਸ ਕੀਤੀ ਹੈ ਅਤੇ ਉਹ ਉਮੀਦਵਾਰ ਜੋ ਕਲਾਸ 10ਵੀਂ ਅਤੇ ਕਲਾਸ 12ਵੀਂ ਵਿੱਚ ਉਪਸਥਿਤ ਹੋਏ ਹਨ ਅਤੇ ਉਹ ਨਤੀਜੇ ਦੀ ਉਡੀਕ ਕਰ ਰਹੇ ਹਨ, ਉਹ ਨੌਜਵਾਨ ਵੀ ਅਪਲਾਈ ਕਰਨ ਦੇ ਯੋਗ ਹਨ, ਬਸ਼ਰਤੇ ਉਹ ਬਾਕੀ ਸਾਰੀਆਂ ਯੋਗਤਾ ਵੀ ਪੂਰੀਆਂ ਕਰਦੇ ਹੋਣ। ਕਰਨਲ ਪਾਂਡੇ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ ਕਿ ਤਕਨੀਕੀ ਸਿੱਖਿਆ ਦਾ ਡਿਪਲੋਮਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅਗਨੀਵੀਰ ਤਕਨੀਕੀ ਅਧੀਨ ਅਪਲਾਈ ਕਰਕੇ ਆਪਣੀ ਪੜ੍ਹਾਈ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਕੀਤੇ ਗਏ ਤਕਨੀਕੀ ਕੋਰਸ ਦੀ ਮਿਆਦ ਦੇ ਹਿਸਾਬ ਨਾਲ ਉਨ੍ਹਾਂ ਨੂੰ ਬੋਨਸ ਅੰਕ ਦਿੱਤੇ ਜਾਂਦੇ ਹਨ ਅਤੇ ਅਗਨੀਵੀਰ ਤਕਨੀਕੀ ਵਿੱਚ ਵਧੇਰੇ ਅਸਾਮੀਆਂ ਹੋਣ ਕਰਕੇ ਚੁੁਣੇ ਜਾਣ ਦੇ ਮੌਕੇ ਵੀ ਜ਼ਿਆਦਾ ਹਨ। ਅੰਤ ਵਿੱਚ ਕਰਨਲ ਪਾਂਡੇ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਬਾਰੇ ਗੰਭੀਰਤਾ ਨਾਲ ਸੋਚਣ ਲਈ ਪ੍ਰੇਰਿਤ ਕੀਤਾ ਅਤੇ ਸ਼ੁਭ ਇੱਛਾਵਾਂ ਦਿੱਤੀਆਂ। ਬਿਜਲੀ ਵਿਭਾਗ ਦੇ ਇੰਚਾਰਜ ਵਿਜੇ ਮਿਨਹਾਸ ਅਤੇ ਸਿਵਲ ਵਿਭਾਗ ਦੇ ਇੰਚਾਰਜ ਸ਼ਿਵਰਾਜਨ ਪੁਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਮਾਹਰਾਂ ਵੱਲੋਂ ਕਾਲਜ ਵਿੱਚ ਆਕੇ ਉਨ੍ਹਾਂ ਨੂੰ ਇਨ੍ਹੀਂ ਮਹੱਤਵਪੂਰਣ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਆਏ ਹੋਏ ਮਾਹਰਾਂ ਦਾ ਧੰਨਵਾਦ ਕੀਤਾ।