ਆਮ ਆਦਮੀ ਪਾਰਟੀ ਦੇ ਵਰਕਰ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ 

ਤਰਨਤਾਰਨ, 1 ਮਾਰਚ : ਤਰਨਤਾਰਨ ਦੇ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਦੀ ਸ਼ੁੱਕਰਵਾਰ ਨੂੰ ਰੇਲਵੇ ਲਾਈਨਾਂ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਆਮ ਆਦਮੀ ਪਾਰਟੀ ਦੇ ਵਰਕਰ ਦੀ ਪਛਾਣ ਗੁਰਪ੍ਰੀਤ ਚੋਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਲਾਈਨਾਂ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਚੋਹਲਾ ਸਾਹਿਬ ਅੱਜ ਸਵੇਰੇ ਆਪਣੀ ਕਾਰ ਵਿਚ ਸ੍ਰੀ ਗੋਇੰਦਵਾਲ ਸਾਹਿਬ ਜਾ ਰਿਹਾ ਸੀ। ਜਦੋਂ ਗੁਰਪ੍ਰੀਤ ਸਿੰਘ ਦੀ ਕਾਰ ਫਤਿਹਾਬਾਦ ਰੇਲਵੇ ਫਾਟਕ ਨੇੜੇ ਪੁੱਜੀ ਤਾਂ ਫਾਟਕ ਬੰਦ ਸੀ। ਇਸ ਦੌਰਾਨ ਸਵਿਫਟ ਕਾਰ ਵਿਚ ਸਵਾਰ ਹਮਲਾਵਰ ਪਹਿਲਾਂ ਹੀ ਉਸ ਦਾ ਪਿੱਛਾ ਕਰ ਰਹੇ ਸਨ। ਉਨ੍ਹਾਂ ਗੁਰਪ੍ਰੀਤ ਸਿੰਘ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ 'ਚ ਗੁਰਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਗੁਰਪ੍ਰੀਤ ਸਿੰਘ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਕਾਫ਼ੀ ਕਰੀਬੀ ਦੱਸਿਆ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।