ਡੇਰਾ ਬਾਬਾ ਨਾਨਕ ਸਰਹੱਦ ਤੇ ਪਾਕਿਸਤਾਨੀ ਡਰੋਨ ਵੱਲੋਂ ਸੁੱਟੇ ਗਏ 5 ਪਿਸਤੌਲ 10 ਮੈਗਜੀਨ ਅਤੇ 91 ਕਾਰਤੂਸ ਬਰਾਮਦ  

ਗੁਰਦਾਸਪੁਰ, 24 ਮਾਰਚ : ਪਾਕਿਸਤਾਨ ਵੱਲੋਂ ਸਰਹੱਦੀ ਖ਼ੇਤਰ ਡੇਰਾ ਬਾਬਾ ਨਾਨਕ ਅੰਦਰ ਡਰੋਨ ਐਕਟੀਵਿਟੀ ਰਾਹੀਂ ਹਥਿਆਰ ਅਤੇ ਨਸ਼ੇ ਦੀ ਖੇਪ ਭੇਜੀ ਜਾ ਰਹੀ ਹੈ। ਬੀਐੱਸਐੱਫ ਅਤੇ ਪੰਜਾਬ ਪੁਲਿਸ ਵੱਲੋਂ ਮਿਲ ਕੇ ਉਸ ਦੀਆਂ ਨਾਪਾਕ ਹਰਕਤਾਂ ਨੂੰ ਨਕਾਮਯਾਬ ਕੀਤਾ ਜਾ ਰਿਹਾ ਹੈ।ਬੀਤੀ ਰਾਤ ਉਸ ਵੱਲੋਂ ਇੱਕ ਵਾਰ ਫੇਰ ਗੁਰਦਾਸਪੁਰ ਸੈਕਟਰ ਡੇਰਾ ਬਾਬਾ ਨਾਨਕ ਨੇੜੇ ਬੀ.ਐਸ.ਐਫ 89 ਬਟਾਲੀਅਨ ਦੀ ਮੇਤਲਾ ਚੌਕੀ 'ਤੇ ਪਾਕਿਸਤਾਨੀ ਡਰੋਨ ਦੀ ਹਲਚਲ ਵੇਖੀ ਗਈ ਤਾਂ ਭਾਰਤੀ ਸਰਹੱਦ ਤੇ ਮੁਸਤੈਦੀ ਨਾਲ ਪਾਕਿਸਤਾਨੀਆਂ ਦੀ ਗਤਿਵਿਧਿਆਂ ਤੇ ਨਜ਼ਰ ਰੱਖ ਰਹੇ ਬੀਐਸਐਫ ਜਵਾਨਾਂ ਵੱਲੋਂ 54 ਰਾਉਂਡ ਫਾਇਰ ਕੀਤੇ ਗਏ। ਬੀ.ਐਸ.ਐਫ ਅਤੇ ਪੰਜਾਬ ਪੁਲਿਸ ਵੱਲੋਂ ਇਲਾਕੇ ਦੀ ਤਲਾਸ਼ੀ ਮੁਹਿੰਮ ਦੌਰਾਨ 5 ਪਿਸਤੌਲ ਅਤੇ 10 ਮੈਗਜ਼ੀਨ ਅਤੇ 91 ਰੌਂਦ ਬਰਾਮਦ ਕੀਤੇ ਗਏ ਹਨ। ਡੀਐਸਪੀ ਸਪੈਸ਼ਲ ਬਰਾਂਚ ਬਟਾਲਾ ਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਢਾਈ ਵਜੇ ਬੀ ਐਸ ਐਫ ਦੀ ਮੇਤਲਾ ਪੋਸਟ ਨੂੰ ਸਰਹੱਦ ਦੇ ਅੰਦਰ ਡਰੋਣ ਦੀ ਹਲਚਲ ਦਿਖਾਈ ਦਿੱਤੀ ਤਾਂ ਉਨ੍ਹਾਂ ਨੂੰ ਤੁਰੰਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਗਿਆ। ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਪਿੰਡ ਪੱਗਠਾਣਾ ਦੀਆਂ ਮੜੀਆਂ ਵਿਚੋਂ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਗਈ।ਜਿਸ ਵਿੱਚ 5 ਪਿਸਤੌਲ,10 ਮੈਗਜ਼ੀਨ ਅਤੇ 91 ਜ਼ਿੰਦਾ ਰੌਂਦ ਬਰਾਮਦ ਹੋਏ ਹਨ‌। ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਬੀਐਸਐਫ ਦੇ ਲਿਖਤੀ ਬਿਆਨਾਂ ਦੇ ਅਧਾਰ ਤੇ ਭੈੜੇ ਅਣਪਛਾਤੇ ਅਨਸਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਭੈੜੇ ਅਨਸਰਾਂ ਨੂੰ ਚੇਤਾਵਨੀ ਦਿਤੀ ਹੈ ਕਿ ਉਹ ਕਿਸੇ ਕਿਸਮ ਦੇ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਹਿਸਾ ਲੈਣ ਵਾਲੇ ਭੈੜੇ ਅਨਸਰਾਂ ਖ਼ਲਾਫ਼ ਉਹ ਪੰਜਾਬ ਪੁਲਿਸ ਅਤੇ ਬੀਐਸਐਫ ਦਾ ਸਹਿਯੋਗ ਕਰਨ ਤਾਂ ਕੇ ਇਨ੍ਹਾਂ ਭੈੜੇ ਅਨਸਰਾਂ ਨੂੰ ਨੱਥ ਪੈ ਸਕੇ।