ਸ੍ਰ ਜੱਸਾ ਸਿੰਘ ਰਾਮਗੜ੍ਹੀਆਂ ਦੇ 300ਵੇਂ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ

ਅੰਮ੍ਰਿਤਸਰ, 5 ਮਈ : ਅੰਮ੍ਰਿਤਸਰ ਦੀਆਂ ਸਮੂਹ ਰਾਮਗੜ੍ਹੀਆਂ ਸੰਸਥਾਵਾਂ ਅਤੇ ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਜੀ ਦਾ 300 ਸਾਲਾ ਜਨਮ ਸ਼ਤਾਬਦੀ ਦਿਹਾੜਾ ਸ੍ਰ ਜੱਸਾ ਸਿੰਘ ਰਾਮਗੜ੍ਹੀਆਂ ਪਾਰਕ 100 ਫੁੱਟੀ ਰੋਡ ’ਤੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰ ਇੰਦਰਬੀਰ ਸਿੰਘ ਨਿੱਝਰ ਕੈਬਨਿਟ ਮੰਤਰੀ ਪੰਜਾਬ ਕੁਝ ਰੁਝੇਵੇਂ ਹੋਣ ਕਾਰਨ ਇਸ ਸਮਾਗਮ ਵਿੱਚ ਨਹੀਂ ਪਹੁੰਚ ਸਕੇ ਪ੍ਰੰਤੂ ਉਨ੍ਹਾਂ ਵੱਲੋਂ ਆਪਣੇ ਓ:ਐਸ:ਡੀ ਸ੍ਰ ਮਨਪ੍ਰੀਤ ਸਿੰਘ ਰਾਹੀਂ ਵਧਾਈ ਸੰਦੇਸ਼ ਭੇਜਦਿਆਂ ਕਿਹਾ ਕਿ ਰਾਮਗੜ੍ਹੀਆਂ ਭਾਈਚਾਰਾ ਖੁਸ਼ਹਾਲੀ ਅਤੇ ਤਰੱਕੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੂਰਬੀਰਾਂ ਦੀ ਬਹਾਦਰੀ ਨੇ ਸਾਨੂੰ ਦੇਸ਼ ਲਈ ਹਮੇਸ਼ਾਂ ਨਿਰਸੁਆਰਥ ਕੁਰਬਾਨੀਆਂ ਕਰਨ ਲਈ ਪ੍ਰੇਰਿਤ ਕੀਤਾ ਹੈ ਅਤੇ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਅਜਿਹੀ ਸ਼ਾਨਦਾਰ ਵਿਰਾਸਤ ਦੇ ਵਾਰਸ ਹਾਂ ਜਿਸ ਦੀ ਦੁਨੀਆਂ ਵਿੱਚ ਕੋਈ ਮਿਸਾਲ ਨਹੀਂ ਮਿਲਦੀ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਉਹ ਆਪਣੇ ਸਮੇਂ ਦੌਰਾਨ ਉਘੇ ਸਿੱਖ ਆਗੂ ਸਨ ਜੋ ਕਿ ਰਾਮਗੜੀਆਂ ਮਿਸਲ ਦੇ ਸਰਦਾਰ ਬਣੇ। ਵੱਖ ਵੱਖ ਧਾਰਮਿਕ ਸਮਾਜਿਕ ਅਤੇ ਰਾਜਨੀਤਕ ਸੰਸਥਾਂਵਾਂ ਤੇ ਨੁਮਾਇੰਦਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਇਸ ਮੌਕੇ ਚਾਹ-ਪਾਣੀ ਦੇ ਲੰਗਰ ਵਰਤਾਏ ਗਏ। ਇਸ ਦੌਰਾਨ ਮਹਾਰਾਜਾ ਜੱਸਾ ਸਿੰਘ ਰਾਮਗੜੀਆਂ ਫੈਡਰੇਸ਼ਨ ਵੱਲੋਂ ਇਕ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਸ੍ਰ ਜਸਪਾਲ ਸਿੰਘ ਪਦਮ, ਸ੍ਰ ਅਮਰਜੀਤ ਸਿੰਘ, ਸ੍ਰ ਹੈਪੀ ਰਾਜੇਵਾਲ, ਸ੍ਰ ਅਨੂਪ ਸਿੰਘ ਵਿਰਦੀ, ਸ੍ਰ ਜਤਿੰਦਰ ਸਿੰਘ, ਸ੍ਰ ਜਗਜੀਤ ਸਿੰਘ ਬੰਟੀ, ਸ੍ਰ ਸੁਖਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।